ਪਨਾਮਾ ਪੇਪਰਜ਼ ਲੀਕ ਨਾਲ ਜੁੜੇ ਇੱਕ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਐਸ਼ਵਰਿਆ ਰਾਏ ਬੱਚਨ ਨੂੰ ਪੁੱਛਗਿੱਛ ਲਈ ਬੁਲਾਏ ਜਾਣ ‘ਤੇ ਜਯਾ ਬੱਚਨ ਨੇ ਪ੍ਰਤੀਕਿਰਿਆ ਦਿੱਤੀ ਹੈ। ਐਸ਼ਵਰਿਆ ਦੇ ਸਵਾਲ ‘ਤੇ ਉਨ੍ਹਾਂ ਨੇ ਜ਼ਿਆਦਾ ਕੁੱਝ ਨਹੀਂ ਕਿਹਾ ਪਰ ਇਹ ਜ਼ਰੂਰ ਕਿਹਾ ਕਿ ਇਹ ਲੋਕ ਯੂਪੀ ਤੋਂ ਡਰੇ ਹੋਏ ਨੇ।
ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਤੋਂ ਜਦੋਂ ਐਸ਼ਵਰਿਆ ਰਾਏ ਬੱਚਨ ਖਿਲਾਫ ਹੋਈ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੱਲ੍ਹ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਬਿਆਨ ਦਿੱਤਾ ਸੀ ਕਿ ਜਯਾ ਜੀ ਸੰਸਦ ਵਿੱਚ ਬੋਲਦੇ ਰਹਿੰਦੇ ਹਨ, ਇਸ ਲਈ ਉਨ੍ਹਾਂ ਦੇ ਬੱਚਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ‘ਤੇ ਜਯਾ ਬੱਚਨ ਨੇ ਕਿਹਾ, ‘ਅੰਗਰੇਜ਼ੀ ‘ਚ ਇੱਕ ਕਹਾਵਤ ਹੈ। ਲੜਖੜਾਤੀ ਕਿਸ਼ਤੀ ਤੋਂ ਸਭ ਤੋਂ ਪਹਿਲਾਂ ਕੌਣ ਭੱਜਦਾ ਹੈ ? ਇਹੀ ਹਾਲ ਹੋ ਰਿਹਾ ਹੈ ਇਨ੍ਹਾਂ ਦਾ। ਡਰੇ ਹੋਏ ਨੇ ਯੂਪੀ ਤੋਂ। ਇਸ ਦੇ ਨਾਲ ਹੀ ਸਮਾਜਵਾਦੀ ਪਾਰਟੀ ਦੇ ਨੇਤਾਵਾਂ ‘ਤੇ ਛਾਪੇਮਾਰੀ ਦੇ ਸਵਾਲ ‘ਤੇ ਜਯਾ ਬੱਚਨ ਨੇ ਕਿਹਾ ਕਿ ‘ਚੋਣਾਂ ਆ ਰਹੀਆਂ ਹਨ, ਇਸ ਲਈ ਇਹ ਲੋਕ ਨਿਸ਼ਾਨਾ ਬਣਾ ਰਹੇ ਨੇ। ਇਹ ਲੋਕ ਲਾਲ ਟੋਪੀਆਂ ਤੋਂ ਘਬਰਾ ਰਹੇ ਨੇ। ਇਹ ਲਾਲ ਟੋਪੀ ਹੀ ਇਨ੍ਹਾਂ ਲੋਕਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰੇਗੀ।
ਰਾਜ ਸਭਾ ਸੰਸਦ ਮੈਂਬਰਾਂ ਦੀ ਮੁਅੱਤਲੀ ‘ਤੇ ਜਯਾ ਬੱਚਨ ਨੇ ਕਿਹਾ ਕਿ ਇਨ੍ਹਾਂ ‘ਚੋਂ 5 ਔਰਤਾਂ ਹਨ, ਬਾਕੀ ਮਰਦ ਹਨ। ਇਨ੍ਹਾਂ ਲੋਕਾਂ ਨੇ ਅਜਿਹਾ ਕੀ ਕੀਤਾ ਹੈ ਕਿ ਇਹ ਲੋਕ ਇੱਕ ਮਹੀਨੇ ਤੋਂ ਠੰਡ ਵਿੱਚ ਬੈਠੇ ਹਨ। ਉਨ੍ਹਾਂ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਵਿੱਚ ਮਨੁੱਖੀ ਭਾਵਨਾਵਾਂ ਨਹੀਂ ਹਨ, ਉਨ੍ਹਾਂ ਨੂੰ ਸਦਨ ‘ਚ ਬੈਠਣ ਦਾ ਹੱਕ ਨਹੀਂ ਹੈ। ਐਸ਼ਵਰਿਆ ਰਾਏ ਨੂੰ ਪਨਾਮਾ ਪੇਪਰਜ਼ ਲੀਕ ਮਾਮਲੇ ‘ਚ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੁੱਛਗਿੱਛ ਲਈ ਬੁਲਾਇਆ ਸੀ। ਉਸ ‘ਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਕਰਕੇ ਵਿਦੇਸ਼ਾਂ ‘ਚ ਪੈਸਾ ਜਮ੍ਹਾ ਕਰਨ ਦਾ ਦੋਸ਼ ਹੈ। ਐਸ਼ਵਰਿਆ ਤੋਂ ਕਰੀਬ ਸਾਢੇ 5 ਘੰਟੇ ਪੁੱਛਗਿੱਛ ਕੀਤੀ ਗਈ ਸੀ। ਅਪ੍ਰੈਲ 2016 ਵਿੱਚ, ਜਰਮਨ ਅਖਬਾਰ Süddeutsche Zeitung (SZ) ਨੇ ਪਨਾਮਾ ਪੇਪਰਜ਼ ਨਾਮਕ ਇੱਕ ਡੇਟਾ ਜਾਰੀ ਕੀਤਾ ਸੀ। ਇਸ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਦੇ ਸਿਆਸਤਦਾਨਾਂ, ਕਾਰੋਬਾਰੀਆਂ ਅਤੇ ਮਸ਼ਹੂਰ ਹਸਤੀਆਂ ਦੇ ਨਾਮ ਸ਼ਾਮਿਲ ਸਨ। ਉਨ੍ਹਾਂ ‘ਤੇ ਮਨੀ ਲਾਂਡਰਿੰਗ ਦੇ ਦੋਸ਼ ਸਨ। ਐਸ਼ਵਰਿਆ ਤੋਂ ਇਲਾਵਾ ਇਸ ਲਿਸਟ ‘ਚ ਅਮਿਤਾਭ ਬੱਚਨ ਅਤੇ ਅਜੇ ਦੇਵਗਨ ਦਾ ਨਾਮ ਵੀ ਸ਼ਾਮਿਲ ਸੀ।
ਵੀਡੀਓ ਲਈ ਕਲਿੱਕ ਕਰੋ -: