ਯੂਪੀ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਹੈ ਕਿ ਲਖੀਮਪੁਰ ਘਟਨਾ ਵਿੱਚ ਯੋਗੀ ਸਰਕਾਰ ਸਿਰਫ ਤਾਕਤਵਰ ਲੋਕਾਂ ਲਈ ਕੰਮ ਕਰ ਰਹੀ ਹੈ ਨਾ ਕਿ ਕਿਸਾਨਾਂ ਲਈ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕ ਮਾਰੇ ਗਏ ਸਨ। ਅਖਿਲੇਸ਼ ਯਾਦਵ ਨੇ ਕਿਹਾ, “ਇਹ ਸਰਕਾਰ ਅਜੇ ਵੀ ਸੁੱਤੀ ਪਈ ਹੈ, ਅਤੇ ਉਨ੍ਹਾਂ (ਦੋਸ਼ੀਆਂ) ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਰਕਾਰ ਸਿਰਫ ਸ਼ਕਤੀਸ਼ਾਲੀ ਲੋਕਾਂ ਲਈ ਹੈ, ਕਿਸਾਨਾਂ ਲਈ ਨਹੀਂ। ਲੋਕ ਇਹ ਸਭ ਦੇਖ ਰਹੇ ਹਨ, ਆਉਣ ਵਾਲੇ ਸਮੇਂ ‘ਚ ਭਾਜਪਾ ਦਾ ਸਫਾਇਆ ਹੋ ਜਾਵੇਗਾ।”
ਭਾਜਪਾ ਸਰਕਾਰ ‘ਤੇ ਭਾਰਤ ਦੇ ਸੰਵਿਧਾਨ ਨੂੰ ਕੁਚਲਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਫਿਰ ਮੰਗ ਕੀਤੀ ਕਿ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ, “ਜਿਸ ਕਿਸੇ ਨੇ ਵੀ ਲਖੀਮਪੁਰ ਘਟਨਾ ਦਾ ਵੀਡੀਓ ਦੇਖਿਆ ਉਸ ਨੇ ਘਟਨਾ ਦੀ ਨਿੰਦਾ ਕੀਤੀ। ਇਹ ਉਹ ਸਰਕਾਰ ਹੈ ਜੋ ਸੰਵਿਧਾਨ ਨੂੰ ਕੁਚਲ ਰਹੀ ਹੈ। ਸਾਰਿਆਂ ਨੇ ਸਭ ਕੁਝ ਵੇਖਿਆ ਹੈ, ਫਿਰ ਵੀ ਦੋਸ਼ੀ ਫੜੇ ਨਹੀਂ ਗਏ ਹਨ। ਜਿਸ ਪਰਿਵਾਰ ਨਾਲ ਮੈਂ ਮੁਲਾਕਾਤ ਕੀਤੀ, ਉਸ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।”