Akhilesh Yadav Takes A Jibe: ਲਖਨਊ: ਸਪਾ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਯੂਪੀ ਦੇ ਸ਼ਹਿਰਾਂ ਦੇ ਨਾਮ ਬਦਲਣ ਨੂੰ ਲੈ ਕੇ ਯੋਗੀ ਸਰਕਾਰ ‘ਤੇ ਤੰਜ ਕਸਿਆ ਹੈ । ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਰਾਹੀਂ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਅਖਿਲੇਸ਼ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਅਮਰੂਦ ਦੀ ਤਸਵੀਰ ਪੋਸਟ ਕੀਤੀ । ਇਸ ਦੌਰਾਨ ਉਨ੍ਹਾਂ ਨੇ ਪੁੱਛਿਆ ਕਿ ਅਲਾਹਾਬਾਦੀ ਅਮਰੂਦ ਦਾ ਨਾਮ ਵੀ ਬਦਲ ਗਿਆ ਹੈ?
ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਸਵਾਲ ਪੁੱਛਿਆ, “ਭਾਈ ਹੁਣ ਵੀ ਸਭ ਤੋਂ ਮਸ਼ਹੂਰ ਅਮਰੂਦ ਨੂੰ ‘ਅਲਾਹਾਬਾਦੀ ਅਮਰੂਦ’ ਕਿਹਾ ਜਾਂਦਾ ਹੈ ਜਾਂ ਉਸ ਦਾ ਨਾਮ ਬਦਲ ਕੇ ‘ਪ੍ਰਯਾਗਾਰਾਜੀ ਅਮਰੂਦ’ ਹੋ ਗਿਆ ਹੈ?”
ਗੌਰਤਲਬ ਹੈ ਕਿ 2017 ਵਿੱਚ ਯੂਪੀ ਦੀ ਯੋਗੀ ਸਰਕਾਰ ਨੇ ਸਭ ਤੋਂ ਪਹਿਲਾਂ ਮੁਗਲਸਰਾਏ ਸਟੇਸ਼ਨ ਦਾ ਨਾਮ ਬਦਲ ਦਿੱਤਾ ਸੀ। ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਅਗਸਤ 2018 ਵਿੱਚ ਮੁਗਲਸਰਾਏ ਸਟੇਸ਼ਨ ਪੰਡਿਤ ਦੀਨ ਦਿਆਲ ਉਪਾਧਿਆਏ ਸਟੇਸ਼ਨ ਬਣ ਗਿਆ। ਇਸ ਤੋਂ ਇਲਾਵਾ ਮੁਗਲਸਰਾਏ ਤਹਿਸੀਲ ਦਾ ਨਾਮ ਬਦਲ ਕੇ ਪੰਡਿਤ ਦੀਨ ਦਿਆਲ ਉਪਾਧਿਆਏ ਤਹਿਸੀਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਯੋਗੀ ਸਰਕਾਰ ਨੇ ਯੂਪੀ ਦੇ ਦੋ ਜ਼ਿਲ੍ਹਿਆਂ ਫੈਜ਼ਾਬਾਦ ਅਤੇ ਪ੍ਰਯਾਗਰਾਜ ਦੇ ਨਾਮ ਵੀ ਬਦਲ ਦਿੱਤੇ । ਫੈਜ਼ਾਬਾਦ ਦਾ ਨਾਮ ਹੁਣ ਬਦਲ ਕੇ ਅਯੁੱਧਿਆ ਰੱਖ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੰਗਮ ਸ਼ਹਿਰ ਅਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਯੂਪੀ ਦੇ ਕਈ ਜ਼ਿਲ੍ਹਿਆਂ ਦੇ ਨਾਮ ਬਦਲਣ ਦੀ ਮੰਗ ਉੱਠ ਰਹੀ ਹੈ ।