ਫੈਕਟ-ਚੈੱਕਿੰਗ ਵੈਬਸਾਈਟ AltNews ਦੇ ਕੋ-ਫਾਊਂਡਰ, ਪੱਤਰਕਾਰ ਮੁਹੰਮਦ ਜੁਬੈਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਜੁਬੈਰ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਪੁਲਿਸ ਨੇ ਉਸ ਨੂੰ ਧਾਰਾ 153/295 ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਭਾਜਪਾ ਦੀ ਮੁਅੱਤਲ ਬੁਲਾਰੀ ਨੂਪੁਰ ਸ਼ਰਮਾ ਅਤੇ ਪਾਰਟੀ ਵਿੱਚੋਂ ਕੱਢੇ ਗਏ ਆਗੂ ਨਵੀਨ ਕੁਮਾਰ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਵਿਰੁੱਧ ਕਥਿਤ ਵਿਵਾਦਤ ਟਿੱਪਣੀ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ, ਜਿਸ ਨਾਲ ਕੁਝ ਥਾਵਾਂ ‘ਤੇ ਹਿੰਸਾ ਵੀ ਭੜਕ ਗਈ ਸੀ । ਕਥਿਤ ਤੌਰ ‘ਤੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ Alt ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਵੱਲੋਂ ਹਵਾ ਦਿੱਤੀ ਗਈ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਜੁਬੈਰ ਨੂੰ ਡਿਊਟੀ ਮਜਿਸਟ੍ਰੇਟ ਕੋਰਟ ਦੇ ਸਾਹਮਣੇ ਪੇਸ਼ ਕੀਤਾ ਅਤੇ 4 ਦਿਨਾਂ ਦੀ ਕਸਟਡੀ ਦੀ ਮੰਗ ਕੀਤੀ ਸੀ। ਪੁਲਿਸ ਦੀ ਮੰਗ ‘ਤੇ ਕੋਰਟ ਨੇ ਜੁਬੈਰ ਨੂੰ 1 ਦਿਨ ਦੀ ਪੁਲਿਸ ਕਸਟਡੀ ਵਿੱਚ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵਲੋਂ ਕਿਹਾ ਗਿਆ ਕਿ ਮੁਹੰਮਦ ਜ਼ੁਬੈਰ ਦੁਆਰਾ ਇੱਕ ਵਿਸ਼ੇਸ਼ ਧਾਰਮਿਕ ਭਾਈਚਾਰੇ ਦੇ ਖ਼ਿਲਾਫ਼ ਪੋਸਟ ਕੀਤੀ ਗਈ ਤਸਵੀਰ ਅਤੇ ਸ਼ਬਦ ਲੋਕਾਂ ਵਿੱਚ ਨਫ਼ਰਤ ਫੈਲਾਉਣ ਲਈ ਬਹੁਤ ਹੀ ਭੜਕਾਊ ਅਤੇ ਜਾਣਬੁੱਝ ਕੇ ਕੀਤੇ ਗਏ ਹਨ। ਇਸ ਨਾਲ ਜਨਤਕ ਸ਼ਾਂਤੀ ਬਣਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ। ਉਕਤ ਪੋਸਟਾਂ ਦੇ ਆਧਾਰ ‘ਤੇ ਉਕਤ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: