Amarnath Yatra 2021: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਭਿਆਨਕ ਰੂਪ ਧਾਰਨ ਕਰ ਰਹੀ ਹੈ। ਇਸੇ ਵਿਚਾਲੇ ਅੱਜ ਤੋਂ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਅਮਰਨਾਥ ਸ਼ਰਾਈਨ ਬੋਰਡ ਨੂੰ ਇਸ ਸਾਲ 6 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ । 56 ਦਿਨਾਂ ਤੱਕ ਚੱਲਣ ਵਾਲੀ ਇਹ ਸਲਾਨਾ ਯਾਤਰਾ ਇਸ ਵਾਰ ਦੋਵਾਂ ਰੂਟਾਂ ‘ਤੇ ਇੱਕੋ ਸਮੇਂ ਸ਼ੁਰੂ ਹੋਵੇਗੀ। ਇਸ ਸਾਲ ਇਹ ਯਾਤਰਾ 28 ਜੂਨ ਨੂੰ ਸ਼ੁਰੂ ਹੋਵੇਗੀ ਅਤੇ 22 ਅਗਸਤ ਨੂੰ ਖਤਮ ਹੋਵੇਗੀ।
ਇਸ ਸਬੰਧੀ ਅਮਰਨਾਥ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੀਤੀਸ਼ਵਰ ਕੁਮਾਰ ਨੇ ਦੱਸਿਆ ਕਿ ਅੱਜ ਤੋਂ ਸ਼ਰਧਾਲੂਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਸ਼ੁਰੂ ਹੋ ਗਈ ਹੈ । ਅਮਰਨਾਥ ਯਾਤਰਾ ਲਈ ਸ਼ਰਧਾਲੂ ਘਰ ਤੋਂ ਹੀ ਬੋਰਡ ਦੀ ਵੈਬਸਾਈਟ ‘ਤੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਯਾਤਰਾ ਰਜਿਸਟ੍ਰੇਸ਼ਨ ਲਈ ਬੋਰਡ ਦੀ ਵੈਬਸਾਈਟ http://jksasb.nic.in ‘ਤੇ ਜਾ ਕੇ ਬਿਨੈ ਕਰਨ ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ। ਨਿਤੀਸ਼ਵਰ ਕੁਮਾਰ ਨੇ ਕਿਹਾ, “ਯਾਤਰੀਆਂ ਨੂੰ ਆਨਲਾਈਨ ਬਿਨੈ ਪੱਤਰ ਵਿੱਚ ਆਪਣੀ ਸਾਰੀ ਜਾਣਕਾਰੀ ਅਤੇ ਫੋਟੋਆਂ ਆਨਲਾਈਨ ਹੈਲਥ ਸਰਟੀਫਿਕੇਟ ਵੀ ਦੇਣਾ ਹੋਵੇਗਾ।” ਨਾਲ ਹੀ ਇਸ ਯਾਤਰਾ ਲਈ 13 ਸਾਲ ਤੋਂ ਘੱਟ ਉਮਰ ਅਤੇ 75 ਸਾਲ ਤੋਂ ਵੱਧ ਉਮਰ ਦੇ ਲੋਕ ਰਜਿਸਟਰਡ ਨਹੀਂ ਹੋਣਗੇ।
ਇਸ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਦੇ ਸਲਾਹਕਾਰ ਬਸੀਰ ਅਹਿਮਦ ਖਾਨ ਨੇ ਗਾਂਦਰਬਲ ਦਾ ਦੌਰਾ ਕਰ ਬਾਬਾ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ । ਉਨ੍ਹਾਂ ਨੇ ਗਾਂਦਰਬਲ ਦੇ ਡਿਪਟੀ ਕਮਿਸ਼ਨਰ ਨੂੰ ਬਾਬਾ ਅਮਰਨਾਥ ਯਾਤਰਾ ਨੂੰ ਲੈ ਕੇ ਸਾਰੇ ਲੋੜੀਂਦੇ ਪ੍ਰਬੰਧਾਂ ਨੂੰ ਸਮੇਂ ਸਿਰ ਪੂਰਾ ਕਰਨ ਕਰਨ ਦੇ ਆਦੇਸ਼ ਦਿੱਤੇ ਹਨ । ਉਪ ਰਾਜਪਾਲ ਦੇ ਸਲਾਹਕਾਰ ਨੇ ਯਾਤਰਾ ਦੌਰਾਨ ਬਿਜਲੀ, ਪਾਣੀ, ਮੈਡੀਕਲ ਸਹੂਲਤਾਂ, ਕੰਟਰੋਲ ਰੂਮ ਸਥਾਪਿਤ ਕਰਨ, ਕੈਂਪਾਂ ਲਈ ਅਧਿਕਾਰੀਆਂ ਨੂੰ ਅਧਿਕਾਰਤ ਕਰਨ, ਮੈਡੀਕਲ ਯੋਜਨਾਵਾਂ ਤਿਆਰ ਕਰਨ, ਆਫ਼ਤ ਪ੍ਰਬੰਧਨ ਦੀਆਂ ਯੋਜਨਾਵਾਂ, ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ, ਸਾਫ਼-ਸਫ਼ਾਈ ਸਮੇਤ ਹੋਰ ਸਾਰੇ ਪ੍ਰਬੰਧਾਂ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਹਨ।
ਦੱਸ ਦੇਈਏ ਕਿ ਪਿਛਲੇ ਸਾਲ ਕੋਰੋਨਾ ਦੇ ਮੱਦੇਨਜ਼ਰ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸਾਰੀ ਯਾਤਰਾ ਦੌਰਾਨ ਸਿਰਫ ਪ੍ਰਤੀਕ ਪੂਜਾ ਕੀਤੀ ਗਈ ਸੀ। ਪਰ ਇਸ ਸਾਲ, ਸਰਕਾਰ ਨੇ ਪ੍ਰਸ਼ਾਸਨ ਨੂੰ 6 ਲੱਖ ਯਾਤਰੀਆਂ ਦੇ ਆਉਣ ਦੀ ਉਮੀਦ ਕਰਦਿਆਂ ਪ੍ਰਸ਼ਾਸਨ ਨੂੰ ਤਿਆਰੀ ਕਰਨ ਦੇ ਆਦੇਸ਼ ਦਿੱਤੇ ਹਨ। ਉਪ ਰਾਜਪਾਲ ਮਨੋਜ ਸਿਨਹਾ ਨੇ ਦੱਸਿਆ ਕਿ ਇਸ ਸਾਲ ਦੀ ਯਾਤਰਾ ਵਿੱਚ ਦੇਸ਼ ਭਰ ਦੀਆਂ ਸਾਰੀਆਂ ਅਖਾੜਾ ਕੌਂਸਲਾਂ ਨੂੰ ਵੀ ਬੁਲਾਇਆ ਗਿਆ ਹੈ ਅਤੇ ਇਸ ਸਾਲ ਦੀ ਯਾਤਰਾ ਸ਼ਾਨਦਾਰ ਹੋਵੇਗੀ।