ਹਰਿਆਣਾ ਦੇ ਅੰਬਾਲਾ ਕੈਂਟ ‘ਚ ਨਜਾਇਜ਼ ਸ਼ਰਾਬ ਦੀ ਸੂਚਨਾ ‘ਤੇ ਗਾਂਧੀ ਮਾਰਕੀਟ ‘ਚ ਛਾਪਾਮਾਰੀ ਕਰਨ ਗਈ ਪੁਲਿਸ ਨਾਲ ਦੋਸ਼ੀਆਂ ਦੀ ਝੜਪ ਹੋ ਗਈ, ਜਿਸ ‘ਚ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਤਿੰਨ ਮੁਲਜ਼ਮਾਂ ਵਿੱਚੋਂ ਦੋ ਮੌਕੇ ਤੋਂ ਫਰਾਰ ਹੋ ਗਏ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਪੁਲਿਸ ਨੇ 2 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ।
ਇਸ ਤੋਂ ਬਾਅਦ ਜਦੋਂ ਮੁੱਖ ਮੁਲਜ਼ਮ ਦੇ ਘਰ ਛਾਪਾ ਮਾਰਿਆ ਗਿਆ ਤਾਂ ਅਲਮਾਰੀ ਵਿੱਚ ਰੱਖੀ ਲੱਖਾਂ ਰੁਪਏ ਦੀ ਨਕਦੀ, ਵਿਦੇਸ਼ੀ ਕਰੰਸੀ ਅਤੇ ਚਾਕੂ ਬਰਾਮਦ ਹੋਇਆ। ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਬਾਲਾ ਕੈਂਟ ਥਾਣਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਆਹਲੂਵਾਲੀਆ ਬਿਲਡਿੰਗ ਅੰਬਾਲਾ ਕੈਂਟ ਦਾ ਰਹਿਣ ਵਾਲਾ ਅਨਿਲ ਸੂਦ ਆਪਣੇ ਲੜਕੇ ਸਤਿਅਮ ਅਤੇ ਸਾਥੀ ਰਾਕੇਸ਼ ਨਾਲ ਮਿਲ ਕੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰ ਰਿਹਾ ਹੈ। ਅਨਿਲ ਸੂਦ ਨੇ ਸ਼ਰਾਬ ਵੇਚ ਕੇ ਕਾਫੀ ਪੈਸਾ ਇਕੱਠਾ ਕੀਤਾ ਹੈ। ਪੁਲਿਸ ਦੀ ਟੀਮ ਗਾਂਧੀ ਮਾਰਕੀਟ ਪਹੁੰਚੀ, ਇੱਥੇ 3 ਵਿਅਕਤੀ ਕਾਰ ‘ਚ ਬੈਠੇ ਦਿਖਾਈ ਦਿੱਤੇ। ਪੁਲਿਸ ਨੂੰ ਦੇਖ ਕੇ ਵਾਹਨ ਚਾਲਕ ਨੇ ਤੁਰੰਤ ਆਪਣੀ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
HC ਅਮਰ ਜੀਤ ਸਿੰਘ ਨੇ ਵੀ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਇਸ ਮਗਰੋਂ ਪੁਲੀਸ ਨੇ ਨਾਕਾਬੰਦੀ ਕਰਕੇ ਗੱਡੀ ਨੂੰ ਕਾਬੂ ਕਰ ਲਿਆ। ਮੌਕੇ ਤੋਂ ਫਰਾਰ ਹੋਏ ਨੌਜਵਾਨ ਦੀ ਪਛਾਣ ਸਤਿਅਮ ਵਜੋਂ ਹੋਈ ਹੈ। ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਮੁਲਜ਼ਮਾਂ ਨੇ ਪੁਲੀਸ ਟੀਮ ਨਾਲ ਬਦਸਲੂਕੀ ਕੀਤੀ। ਇੰਨਾ ਹੀ ਨਹੀਂ ਮੁਲਜ਼ਮਾਂ ਨਾਲ ਹੱਥੋਪਾਈ ਹੋ ਗਈ। ਇਸ ਝਗੜੇ ਵਿੱਚ ਹੈੱਡ ਕਾਂਸਟੇਬਲ ਕਮਲਜੀਤ ਸਿੰਘ ਜ਼ਖ਼ਮੀ ਹੋ ਗਿਆ। ਇਸ ਦੌਰਾਨ ਮੁਲਜ਼ਮ ਰਾਕੇਸ਼ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਗੱਡੀ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਨਾਜਾਇਜ਼ ਸ਼ਰਾਬ ਵੇਚਣ, ਕੁੱਟਮਾਰ ਕਰਨ, ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।