Announcement of farmer unions: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 33ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਵਿਚਾਲੇ ਹੁਣ ਕਿਸਾਨਾਂ ਵੱਲੋਂ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ । ਸਰਕਾਰ ਨੂੰ ਗੱਲਬਾਤ ਦੇ ਪ੍ਰਸਤਾਵ ਦੇ ਬਾਅਦ ਕਿਸਾਨ ਸੰਗਠਨਾਂ ਨੇ ਨਵੇਂ ਸਾਲ ‘ਤੇ ਦੇਸ਼ ਭਰ ਵਿਚ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ।
ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ 1 ਜਨਵਰੀ ਨੂੰ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰਾਂਗੇ, ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਕਿਸਾਨਾਂ ਦੇ ਹੱਕ ਵਿੱਚ ਖੜ੍ਹਾ ਹੋਵੇ। ਇਸਦੇ ਨਾਲ ਹੀ, ਕਿਸਾਨ ਸੰਗਠਨਾਂ ਨੇ ਕਈ ਸ਼ਹਿਰਾਂ ਵਿੱਚ ਰੈਲੀ ਕਰਨ ਦੀ ਯੋਜਨਾ ਬਣਾਈ ਹੈ । ਕੱਲ੍ਹ ਯਾਨੀ ਕਿ 29 ਦਸੰਬਰ ਨੂੰ ਕਿਸਾਨ ਪਟਨਾ ਅਤੇ ਤੰਜਾਵਰ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਇਸ ਦੇ ਅਗਲੇ ਦਿਨ ਯਾਨੀ 30 ਦਸੰਬਰ ਨੂੰ ਮਨੀਪੁਰ ਅਤੇ ਹੈਦਰਾਬਾਦ ਦੇ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਹੱਲਾ ਬੋਲਣਗੇ ਅਤੇ ਰੈਲੀ ਨੂੰ ਸੰਬੋਧਿਤ ਕਰਨਗੇ।
ਇਸਦੇ ਨਾਲ ਹੀ, ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਟੋਲ ਪਲਾਜ਼ਾ ਮੁਫਤ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ 25 ਤੋਂ 27 ਦਸੰਬਰ ਤੱਕ ਟੋਲ ਪਲਾਜ਼ਾ ਨੂੰ ਫ੍ਰੀ ਕਰਨ ਦੀ ਯੋਜਨਾ ਸੀ, ਪਰ ਹੁਣ ਅੰਦੋਲਨ ਨੂੰ ਤੇਜ਼ ਕਰਨ ਲਈ ਟੋਲ ਪਲਾਜ਼ਾ ਅਣਮਿੱਥੇ ਸਮੇਂ ਲਈ ਮੁਫਤ ਕੀਤਾ ਗਿਆ ਹੈ। ਇਸ ਦੇ ਨਾਲ ਹੀ 30 ਦਸੰਬਰ ਨੂੰ ਕੁੰਡਲੀ-ਮਨੇਸਰ-ਪਲਵਾਲ ਮੁੱਖ ਮਾਰਗ ‘ਤੇ ਇੱਕ ਟਰੈਕਟਰ ਰੈਲੀ ਕੱਢਣ ਦੀ ਤਿਆਰੀ ਕਰ ਲਈ ਗਈ ਹੈ।
ਇਸ ਦੌਰਾਨ ਗੱਲਬਾਤ ਲਈ ਕਿਸਾਨਾਂ ਦੇ ਪ੍ਰਸਤਾਵ ‘ਤੇ ਫੈਸਲਾ ਲੈਣ ਲਈ ਅੱਜ ਕੇਂਦਰ ਸਰਕਾਰ ਦੀ ਇਕ ਅਹਿਮ ਬੈਠਕ ਹੋਣ ਜਾ ਰਹੀ ਹੈ । ਕਿਸਾਨਾਂ ਨੇ 29 ਦਸੰਬਰ ਨੂੰ ਸਰਕਾਰ ਨਾਲ ਸੱਤਵੇਂ ਗੇੜ ਦੀ ਬੈਠਕ ਦਾ ਪ੍ਰਸਤਾਵ ਭੇਜਿਆ ਸੀ, ਪਰ ਇਸ ਸ਼ਰਤ ਨਾਲ ਕਿ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਬਾਰੇ ਪਹਿਲਾਂ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ । ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਇਸ ਨਾਲ ਨਜਿੱਠਣ ਲਈ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਵੱਡੇ ਅਧਿਕਾਰੀ ਤਾਇਨਾਤ ਕੀਤੇ ਹਨ । ਸਾਰੇ ਅਧਿਕਾਰੀ ਜ਼ਿਲ੍ਹਾ ਪੱਧਰ ‘ਤੇ ਕਿਸਾਨ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਅਤੇ ਨਵੇਂ ਕਾਨੂੰਨਾਂ ਦਾ ਲਾਭ ਦੱਸ ਕੇ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰਨਗੇ । ਇਸ ਦੇ ਨਾਲ ਹੀ, ਅੱਜ ਕਿਸਾਨਾਂ ਦੇ ਸਮਰਥਨ ਵਿੱਚ ਕਾਂਗਰਸ ਰਾਜਸਥਾਨ ਵਿੱਚ ਕਿਸਾਨ ਸੰਵਾਦ ਪ੍ਰੋਗਰਾਮ ਕਰੇਗੀ । ਇਸ ਦੇ ਤਹਿਤ ਪਾਰਟੀ ਵਰਕਰ 30 ਦਸੰਬਰ ਤੱਕ ਸੜਕ ‘ਤੇ ਉਤਰਨਗੇ ।
ਇਹ ਵੀ ਦੇਖੋ: ‘ਯਾਰ ਲੱਖਾ ਸਿਧਾਣਾ ਨੂੰ ਕਿਸੇ ਜ਼ਿਲ੍ਹੇ ਦਾ SSP ਲਾਓ ਅਤੇ ਕਨੂੰਨ ਵਿਵਸਥਾ ਠੀਕ ਕਰਵਾਓ’