Another virus from China: ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਮਾਰ ਤੋਂ ਹਾਲੇ ਠੀਕ ਨਹੀਂ ਹੋ ਪਾਈ ਹੈ ਕਿ ਹੁਣ ਇੱਕ ਹੋਰ ਵਾਇਰਸ ਫੈਲਣ ਦਾ ਖ਼ਤਰਾ ਮੰਡਰਾਉਣ ਲੱਗ ਗਿਆ ਹੈ। ਇਸਦਾ ਨਾਮ ਕੈਟ ਕਿਊ ਵਾਇਰਸ (CQV) ਹੈ ਅਤੇ ਇਹ ਚੀਨ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਾਇਰਸ ਨੇ ਭਾਰਤ ਦੀ ਵੀ ਚਿੰਤਾ ਵਧਾ ਦਿੱਤੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਵੀ ਇਸ ਬਾਰੇ ਚੇਤਾਵਨੀ ਜਾਰੀ ਕੀਤੀ ਹੈ।
ਕੀ ਹੈ ਕੈਟ ਕਿਊ ਵਾਇਰਸ
ਇਹ ਵਾਇਰਸ ਆਰਥਰੋਪਡ ਤੋਂ ਪੈਦਾ ਹੋਏ ਵਾਇਰਸ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਸੂਰ ਅਤੇ ਕਿਯੁਲੇਕਸ ਮੱਛਰਾਂ ਵਿੱਚ ਪਾਇਆ ਜਾਂਦਾ ਹੈ। ਫਿਲਹਾਲ ਇਹ ਵਾਇਰਸ ਦਾ ਜ਼ਿਆਦਾ ਹਿੱਸਾ ਚੀਨ ਅਤੇ ਵੀਅਤਨਾਮ ਵਿਚ ਪਾਇਆ ਗਿਆ ਹੈ। ICMR ਦਾ ਕਹਿਣਾ ਹੈ ਕਿ ਭਾਰਤ ਦੀ ਸਥਿਤੀ ਦੇ ਅਨੁਸਾਰ ਇਹ ਵਾਇਰਸ ਇੱਥੇ ਅਸਾਨੀ ਨਾਲ ਫੈਲ ਸਕਦਾ ਹੈ। ਕੈਟ ਕਿਊ ਵਾਇਰਸ ਸਰੀਰ ਵਿੱਚ ਤੇਜ਼ੀ ਨਾਲ ਫੈਲ ਸਕਦਾ ਹੈ ਜਿਸ ਕਾਰਨ ਤੇਜ਼ ਬੁਖਾਰ, ਦਿਮਾਗੀ ਬੁਖਾਰ ਅਤੇ ਮੈਨਿਨਜਾਈਟਿਸ ਵੀ ਹੋ ਸਕਦਾ ਹੈ।
ਇਸ ਸਬੰਧੀ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਦੀ ਖੋਜ ਵਿੱਚ ਪਤਾ ਚੱਲਿਆ ਹੈ ਕਿ ਭਾਰਤ ਵਿੱਚ ਵੀ ਕਯੁਲੈਕਸ ਮੱਛਰ ਵਰਗੀਆਂ ਸਪੀਸੀਜ਼ ਫੈਲ ਰਹੀਆਂ ਹਨ । ਵਿਗਿਆਨੀਆਂ ਨੇ ਇਸ ਵਾਇਰਸ ਦੀ ਪ੍ਰਤੀਕ੍ਰਿਤੀ ਨੂੰ ਸਮਝਣ ਲਈ ਇੱਕ ਅਧਿਐਨ ਕੀਤਾ ਹੈ। ਵਿਗਿਆਨੀਆਂ ਨੇ ਮਨੁੱਖਾਂ ਦੇ ਨਮੂਨਿਆਂ, ਮੱਛਰਾਂ ਦੀਆਂ ਤਿੰਨ ਕਿਸਮਾਂ ਅਤੇ ਅਣੂ ਅਤੇ ਸੀਰੋਲੌਜੀਕਲ ਜਾਂਚਾਂ ਲਈ ਸੂਰਾਂ ਦੇ ਨਮੂਨਿਆਂ ਦੀ ਜਾਂਚ ਕੀਤੀ। ਹਾਲਾਂਕਿ ਇਸ ਖੋਜ ਵਿੱਚ ਵਿਗਿਆਨੀਆਂ ਨੇ ਮਨੁੱਖਾਂ ਵਿੱਚ ਕਯੁਲੇਕਸ ਮੱਛਰਾਂ ਦਾ ਸਰਗਰਮ ਲਾਗ ਨਹੀਂ ਪਾਇਆ ਹੈ। 883 ਮਨੁੱਖੀ ਸੀਰਮ ਦੇ ਨਮੂਨਿਆਂ ਵਿੱਚੋਂ ਦੋ ਲੋਕਾਂ ਵਿੱਚ ਵਾਇਰਸ ਦੇ ਵਿਰੁੱਧ ਐਂਟੀਬਾਡੀਜ਼ ਪਾਈਆਂ ਗਈਆਂ ਹਨ। ਇਹ ਦਰਸਾਉਂਦਾ ਹੈ ਕਿ ਇਹ ਦੋਵੇਂ ਵਿਅਕਤੀ ਪਹਿਲਾਂ ਵੀ ਕੈਟ ਕਿਊ ਵਾਇਰਸ ਨਾਲ ਸੰਕਰਮਿਤ ਹੋਏ ਸਨ।
ਦੱਸ ਦੇਈਏ ਕਿ ਇਸ ਬਾਰੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਦੇ ਕੁਝ ਇਲਾਕਿਆਂ ਵਿੱਚ ਮੱਛਰ ਕੈਟ ਕਿਊ ਵਾਇਰਸ ਫੈਲਾ ਸਕਦੇ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਭਾਰਤੀ ਆਬਾਦੀ ਵਿੱਚ ਕੈਟ ਕਿਊ ਵਾਇਰਸ ਦੇ ਫੈਲਣ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਵਧੇਰੇ ਸੀਰਮ ਦੇ ਨਮੂਨਿਆਂ ਦੀ ਜ਼ਰੂਰਤ ਹੋਵੇਗੀ ਤਾਂ ਜੋ ਵੱਧ ਤੋਂ ਵੱਧ ਅੰਕੜਿਆਂ ਦੀ ਖੋਜ ਕੀਤੀ ਜਾ ਸਕੇ।