Antilia case sachin waze : ਮੁੰਬਈ ਪੁਲਿਸ ਦੇ ਮੁਅੱਤਲ ਅਧਿਕਾਰੀ ਸਚਿਨ ਵਾਜੇ ਨੂੰ 7 ਅਪ੍ਰੈਲ ਤੱਕ ਐਨਆਈਏ (ਰਾਸ਼ਟਰੀ ਜਾਂਚ ਏਜੰਸੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸਚਿਨ ਵਾਜੇ ਦੇ ਭਰਾ ਸੁਧਰਮ ਵਾਜੇ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂ ਪ੍ਰਕਿਰਿਆ ਅਤੇ ਐਨਆਈਏ ‘ਤੇ ਪੂਰਾ ਭਰੋਸਾ ਹੈ। ਦੱਸ ਦਈਏ ਕਿ ਸਚਿਨ ਵਾਜੇ ਐਂਟੀਲੀਆ ਅਤੇ ਮਨਸੁਖ ਹੀਰੇਨ ਕਤਲ ਕੇਸ ਵਿੱਚ ਮੁੱਖ ਆਰੋਪੀ ਹੈ। ਐਨਆਈਏ ਨੇ ਸਚਿਨ ਵਾਜੇ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਯਾਨੀ ਯੂ.ਏ.ਪੀ.ਏ ਦੀਆਂ ਕਈ ਧਾਰਾਵਾਂ ਵੀ ਲਗਾਈਆਂ ਹਨ। ਇਸ ਤੋਂ ਪਹਿਲਾਂ ਸਚਿਨ ਵਾਜੇ ਦੇ ਵਕੀਲ ਨੇ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਕਿ ਉਹ ਛਾਤੀ ਵਿੱਚ ਦਰਦ ਅਤੇ ਹਾਰਟ ਬਲੋਕੇਜ ਤੋਂ ਪੀੜਤ ਹੈ। ਇਸ ਤੋਂ ਬਾਅਦ ਐਨਆਈਏ ਕੋਰਟ ਨੇ ਵਾਜੇ ਦੀ ਮੈਡੀਕਲ ਰਿਪੋਰਟ ਮੰਗੀ ਸੀ।
ਸਚਿਨ ਵਾਜੇ ਨੂੰ ਐਨਆਈਏ ਨੇ 13 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੀ ਹਿਰਾਸਤ ਸ਼ਨੀਵਾਰ ਨੂੰ ਖਤਮ ਹੋ ਰਹੀ ਸੀ। ਸਚਿਨ ਵਾਜੇ ਦੇ ਵਕੀਲ ਰੌਨਕ ਨਾਇਕ ਨੇ ਅਦਾਲਤ ਨੂੰ ਇੱਕ ਅਰਜ਼ੀ ਲਿਖੀ ਸੀ। ਇਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਚਿਨ ਵਾਜੇ ਦੇ ਦਿਲ ਵਿੱਚ 90 ਫੀਸਦੀ ਦੇ ਦੋ ਬਲੋਕੇਜ ਹਨ ਅਤੇ ਛਾਤੀ ਦੇ ਦਰਦ ਦੀ ਸਮੱਸਿਆ ਹੈ। ਇਸ ਲਈ ਵਾਜੇ ਨੂੰ ਉਸ ਦੇ ਕਾਰਡੀਓਲੋਜਿਸਟ ਨਾਲ ਮਿਲਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਸਦਾ ਡਾਕਟਰੀ ਇਲਾਜ ਦਾ ਕੋਰਸ ਸ਼ੁਰੂ ਹੋ ਸਕੇ। ਇਸ ਤੋਂ ਬਾਅਦ ਅਦਾਲਤ ਨੇ ਵਾਜੇ ਦੀ ਮੈਡੀਕਲ ਰਿਪੋਰਟ ਮੰਗੀ ਸੀ।