Army Chief Gen MM Naravane: ਭਾਰਤੀ ਫੌਜ ਦੇ ਮੁਖੀ ਮਨੋਜ ਮੁਕੰਦ ਨਰਵਣੇ ਅੱਜ ਤੋਂ ਤਿੰਨ ਦਿਨਾਂ ਦੌਰੇ ‘ਤੇ ਨੇਪਾਲ ਜਾ ਰਹੇ ਹਨ । ਇਸ ਬਾਰੇ ਕਾਠਮੰਡੂ ਵਿੱਚ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਫੌਜ ਮੁਖੀ ਦਾ ਇਹ ਦੌਰਾ ਦੋਵਾਂ ਫੌਜਾਂ ਵਿਚਾਲੇ ਦੋਸਤੀ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਸਬੰਧਾਂ ਨੂੰ ਹੋਰ ਗੂੜ੍ਹਾ ਕਰੇਗਾ। ਇਸਦੇ ਨਾਲ ਹੀ ਦੋਵਾਂ ਪੱਖਾਂ ਨੂੰ ਆਪਸੀ ਲਾਭ ਲਈ ਦੁਵੱਲੇ ਰੱਖਿਆ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕੇ ਲੱਭਣ ਦਾ ਇੱਕ ਮੌਕਾ ਵੀ ਪ੍ਰਦਾਨ ਕਰੇਗਾ।
ਇਸਦੇ ਨਾਲ ਹੀ ਫੌਜ ਮੁਖੀ ਦੇ ਇਸ ਦੌਰੇ ਨੂੰ ਲੈ ਕੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਇਸ ਦੌਰੇ ਨਾਲ ਕਾਠਮੰਡੂ ਨਾਲ ਸਰਹੱਦੀ ਵਿਵਾਦ ਕਾਰਨ ਸਬੰਧਾਂ ਵਿੱਚ ਆਏ ਤਣਾਅ ਨੂੰ ਸਧਾਰਣ ਕਰਨ ਵਿੱਚ ਵੀ ਸਹਾਇਤਾ ਮਿਲੇਗੀ । ਦੱਸ ਦੇਈਏ ਕਿ ਜਨਰਲ ਨਰਵਣੇ ਨੇਪਾਲ ਦੇ ਫੌਜ ਮੁਖੀ ਜਨਰਲ ਪੂਰਨਚੰਦਰ ਥਾਪਾ ਦੇ ਅਧਿਕਾਰਤ ਸੱਦੇ ‘ਤੇ ਨੇਪਾਲ ਦਾ ਦੌਰਾ ਕਰ ਰਹੇ ਹਨ।
ਇਸ ਸਬੰਧੀ ਭਾਰਤੀ ਦੂਤਾਵਾਸ ਦੇ ਬੁਲਾਰੇ ਨਵੀਨ ਕੁਮਾਰ ਨੇ ਕਿਹਾ ਕਿ ਜਨਰਲ ਨਰਵਣੇ ਦਾ ਇਹ ਦੌਰਾ ਦੋਹਾਂ ਫੌਜਾਂ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੇ ਅਤੇ ਰਵਾਇਤੀ ਸਬੰਧਾਂ ਨੂੰ ਹੋਰ ਗੂੜ੍ਹਾ ਕਰੇਗਾ । ਉਨ੍ਹਾਂ ਦਾ ਇਹ ਦੌਰਾ ਦੋਵਾਂ ਧਿਰਾਂ ਨੂੰ ਦੁਵੱਲੀ ਰੱਖਿਆ ਸਾਂਝੇਦਾਰੀ ‘ਤੇ ਵਿਚਾਰ ਵਟਾਂਦਰੇ ਅਤੇ ਆਪਸੀ ਲਾਭ ਲਈ ਮਜ਼ਬੂਤ ਕਰਨ ਲਈ ਮੌਕਿਆਂ ਦੀ ਪੜਚੋਲ ਕਰਨ ਲਈ ਮੌਕਾ ਪ੍ਰਦਾਨ ਕਰੇਗੀ।”
ਨੇਪਾਲ ਫੌਜ ਦੇ ਸੂਤਰਾਂ ਅਨੁਸਾਰ ਜਨਰਲ ਨਰਵਣੇ ਵੀਰਵਾਰ ਸਵੇਰੇ ਆਰਮੀ ਪਵੇਲੀਅਨ ਵਿਖੇ ਸ਼ਹੀਦ ਸਮਾਰਕ ‘ਤੇ ਸ਼ਰਧਾਂਜਲੀ ਵੀ ਦੇਣਗੇ ਅਤੇ ਨੇਪਾਲ ਫੌਜ ਹੈੱਡਕੁਆਰਟਰ ਵਿਖੇ ਗਾਰਡ ਆਫ਼ ਆਨਰ ਵੀ ਪ੍ਰਾਪਤ ਕਰਨਗੇ । ਇਸ ਤੋਂ ਬਾਅਦ ਉਹ ਵੀਰਵਾਰ ਨੂੰ ਨੇਪਾਲ ਫੌਜ ਦੇ ਮੁੱਖ ਦਫਤਰ ਵਿਖੇ ਆਪਣੇ ਨੇਪਾਲੀ ਹਮਰੁਤਬਾ ਨਾਲ ਰਸਮੀ ਗੱਲਬਾਤ ਕਰਨਗੇ । ਇਸ ਦੌਰਾਨ ਭਾਰਤੀ ਫੌਜ ਦੇ ਮੁਖੀ ਨੇਪਾਲ ਫੌਜ ਵੱਲੋਂ ਚਲਾਏ ਜਾ ਰਹੇ ਮੋਬਾਇਲ ਫੀਲਡ ਹਸਪਤਾਲ ਲਈ ਇੱਕ ਐਂਬੂਲੈਂਸ ਅਤੇ ਮੈਡੀਕਲ ਉਪਕਰਣ ਵੀ ਪੇਸ਼ ਕਰਨਗੇ । ਉਹ ਨੇਪਾਲ ਫੌਜ ਹੈੱਡਕੁਆਰਟਰ ਵਿਖੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ।