Army commanders to review situation: ਫੌਜ ਦੀ ਤਿੰਨ ਰੋਜ਼ਾ ਕਮਾਂਡਰ ਕਾਨਫਰੰਸ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ। ਇਸ ਵਿੱਚ ਮਨੁੱਖੀ ਸਰੋਤ ਪ੍ਰਬੰਧਨ ਨਾਲ ਜੁੜੇ ਵਿਸ਼ਿਆਂ ‘ਤੇ ਵਿਸ਼ੇਸ਼ ਤੌਰ ‘ਤੇ ਚਰਚਾ ਹੋਣ ਦੇ ਆਸਾਰ ਹਨ। ਇਹ ਜਾਣਕਾਰੀ ਫੌਜ ਦੇ ਸੂਤਰਾਂ ਵੱਲੋਂ ਦਿੱਤੀ ਗਈ । ਰੱਖਿਆ ਮੰਤਰੀ ਰਾਜਨਾਥ ਸਿੰਘ 27 ਅਕਤੂਬਰ ਨੂੰ ਕਾਨਫਰੰਸ ਨੂੰ ਸੰਬੋਧਿਤ ਕਰਨਗੇ। ਉਸੇ ਦਿਨ ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਆਰਮੀ ਚੀਫ ਜਨਰਲ ਐਮਐਮ ਨਰਵਾਣੇ ਵੀ ਕਮਾਂਡਰ ਸੰਮੇਲਨ ਨੂੰ ਸੰਬੋਧਿਤ ਕਰਨਗੇ। ਤੀਜੇ ਦਿਨ BRO ਦੇ DG ਵੀ ਸੰਬੋਧਿਤ ਕਰਨਗੇ। ਜਿਸ ਵਿੱਚ ਉਹ ਆਪਣੇ ਪ੍ਰੋਜੈਕਟਾਂ ਦੀ ਪ੍ਰਗਤੀ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਜਾਣਕਾਰੀ ਦੇਣਗੇ । ਇੱਥੇ ਲੰਬੇ ਸਮੇਂ ਤੋਂ ਲਟਕ ਰਹੇ ਸੁਧਾਰਾਂ ਬਾਰੇ ਵੀ ਵਿਚਾਰ ਕੀਤਾ ਜਾਵੇਗਾ।
ਇਨ੍ਹਾਂ ਸੁਧਾਰਾਂ ਵਿੱਚ ਵੱਖ-ਵੱਖ ਰਸਮਾਂ ਆਯੋਜਿਤ ਕਰਨ ਦੀਆਂ ਰਵਾਇਤਾਂ ਅਤੇ ਗੈਰ ਸੈਨਿਕ ਗਤੀਵਿਧੀਆਂ ਦੀ ਕਟੌਤੀ ਆਦਿ ਸ਼ਾਮਿਲ ਹਨ । ਸੂਤਰਾਂ ਨੇ ਕਿਹਾ ਕਿ ਰਾਸ਼ਟਰ ਦੇ ਸਾਹਮਣੇ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਦੀ ਸਮੀਖਿਆ ਕਰਨ ਤੋਂ ਇਲਾਵਾ ਫੌਜੀ ਕਮਾਂਡਰ ਸਰੋਤਾਂ ਦੀ ਵਰਤੋਂ ਲਈ ਵੱਖ-ਵੱਖ ਅੰਦਰੂਨੀ ਕਮੇਟੀਆਂ ਵੱਲੋਂ ਵੱਖਰੇ ਸੁਧਾਰਾਤਮਕ ਉਪਾਵਾਂ ਲਈ ਕੀਤੀਆਂ ਸਿਫਾਰਸ਼ਾਂ ‘ਤੇ ਵਿਚਾਰ-ਵਟਾਂਦਰਾ ਕਰਨਗੇ।
ਫੌਜ ਦੀ ਕਾਰਜਸ਼ੀਲ ਸਮਰੱਥਾ ਵਧਾਉਣ ‘ਤੇ ਵੀ ਜ਼ੋਰ ਦਿੱਤਾ ਜਾਵੇਗਾ । ਕਾਨਫ਼ਰੰਸ ਦੀ ਪ੍ਰਧਾਨਗੀ ਆਰਮੀ ਚੀਫ ਜਨਰਲ ਐਮ ਐਮ ਨਰਵਾਣੇ ਕਰਨਗੇ ਅਤੇ ਸਾਰੇ ਚੋਟੀ ਦੇ ਸੈਨਿਕ ਕਮਾਂਡਰ ਇਸ ਵਿੱਚ ਹਿੱਸਾ ਲੈਣਗੇ । ਸੂਤਰਾਂ ਅਨੁਸਾਰ ਕਾਨਫਰੰਸ ਵਿੱਚਵਿਚਾਰੇ ਜਾਣ ਵਾਲੇ ਕੁਝ ਪ੍ਰਸਤਾਵਾਂ ਵਿੱਚ ਸੈਨਾ ਦਿਵਸ ਅਤੇ ਖੇਤਰੀ ਸੈਨਾ ਦਿਵਸ ਪਰੇਡ ਨੂੰ ਬੰਦ ਕਰਨਾ ਜਾਂ ਘਟਾਉਣਾ, ਵੱਖ-ਵੱਖ ਇਕਾਈਆਂ ਵਿੱਚ ਸਥਾਪਨਾ ਦਿਵਸ ਅਤੇ ਯੁੱਧ ਸਨਮਾਨ ਦਿਵਸ ਦੇ ਆਯੋਜਨ ਦੀ ਲਾਗਤ ਘਟਾਉਣਾ ਆਦਿ ਸ਼ਾਮਿਲ ਹਨ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਭਾਰਤ ਅਤੇ ਚੀਨ ਦਰਮਿਆਨ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦੇ ਸੱਤਵੇਂ ਦੌਰ ਦੌਰਾਨ ਇੱਥੋਂ ਦੇ ਚੋਟੀ ਦੇ ਸੈਨਿਕ ਅਧਿਕਾਰੀਆਂ ਅਤੇ ਰਾਜਨੀਤਿਕ ਲੋਕਾਂ ਨੇ ਪੂਰਬੀ ਲੱਦਾਖ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਬੈਠਕ ਦੀਆਂ ਰਣਨੀਤੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਸਨ । ਕੋਰ ਕਮਾਂਡਰਾਂ ਦੀ ਇਹ ਬੈਠਕ 12 ਅਕਤੂਬਰ ਨੂੰ ਹੋਈ ਸੀ । ਇਸ ਵਿੱਚ ਕੋਰ ਕਮਾਂਡਰਾਂ ਵਿਚਾਲੇ ਪੂਰਬੀ ਲੱਦਾਖ ਦੇ ਸਾਰੇ ਟਕਰਾਅ ਬਿੰਦੂਆਂ ਤੋਂ ਫੌਜਾਂ ਨੂੰ ਹਟਾਉਣ ਲਈ ਇਕ ਰੋਡਮੈਪ ਤੈਅ ਕਰਨ ਦੇ ਏਜੰਡੇ ‘ਤੇ ਵਿਚਾਰ ਵਟਾਂਦਰੇ ਹੋਏ ਸਨ ।