Arnab Goswami arrested: ਮੁੰਬਈ: ਨਿੱਜੀ ਨਿਊਜ਼ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਗੋਸਵਾਮੀ ‘ਤੇ ਇੱਕ ਇੰਟੀਰਿਅਰ ਡਿਜ਼ਾਈਨਰ ਅਤੇ ਉਸ ਦੀ ਮਾਂ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ਦੇ ਦੋਸ਼ ਲਗਾਏ ਗਏ ਹਨ । ਪੁਲਿਸ ਨੇ ਅਰਨਬ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਅਤੇ ਉਸਨੂੰ ਥਾਣੇ ਲਿਆਂਦਾ ਗਿਆ । ਇਸ ਦੌਰਾਨ ਅਰਨਬ ਗੋਸਵਾਮੀ ਨੇ ਪੁਲਿਸ ‘ਤੇ ਆਪਣੇ ਨਾਲ ਕੁੱਟਮਾਰ ਦਾ ਦੋਸ਼ ਲਾਇਆ ਹੈ। ਇੱਕ ਨਿਊਜ਼ ਚੈਨਲ ‘ਤੇ ਉਨ੍ਹਾਂ ਦੇ ਘਰ ਦੀ ਲਾਈਵ ਫੁਟੇਜ ਵੀ ਦਿਖਾਈ ਗਈ ਹੈ, ਜਿਸ ਵਿੱਚ ਪੁਲਿਸ ਅਤੇ ਅਰਨਬ ਵਿਚਾਲੇ ਝੜਪ ਹੁੰਦੀ ਦਿਖਾਈ ਗਈ ਹੈ । ਦੱਸ ਦੇਈਏ ਕਿ ਅਰਨਬ ਗੋਸਵਾਮੀ ਪਹਿਲਾਂ ਹੀ ਟੀਆਰਪੀ ਘੁਟਾਲੇ ਵਿੱਚ ਘਿਰੇ ਹੋਏ ਹਨ।
ਅਰਨਬ ਗੋਸਵਾਮੀ ਨੇ ਮੁੰਬਈ ਪੁਲਿਸ ‘ਤੇ ਸਨਸਨੀਖੇਜ਼ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਨੇ ਉਸਦੇ ਸੱਸ-ਸਹੁਰੇ, ਪੁੱਤਰ ਅਤੇ ਪਤਨੀ ਨੂੰ ਕੁੱਟਿਆ ਹੈ । ਉਸਨੇ ਮੁੰਬਈ ਪੁਲਿਸ ‘ਤੇ ਗੁੰਡਾਗਰਦੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਨੇ ਉਸ ਨੂੰ ਪਰਿਵਾਰ ਨਾਲ ਗੱਲ ਕਰਨ ਤੋਂ ਵੀ ਰੋਕਿਆ ਹੈ।
ਕੁਝ ਮੀਡੀਆ ਰਿਪੋਰਟਾਂ ਅਨੁਸਾਰ ਅਰਨਬ ਗੋਸਵਾਮੀ ਅਤੇ ਦੋ ਹੋਰਨਾਂ ਨੇ ਇੱਕ 53 ਸਾਲਾਂ ਇੰਟੀਰਿਅਰ ਡਿਜ਼ਾਈਨਰ ਨੂੰ ਕਥਿਤ ਤੌਰ ‘ਤੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਸੀ। ਇੰਟੀਰਿਅਰ ਡਿਜ਼ਾਈਨਰ ਅੰਵਯ ਨਾਈਕ ਦੀ ਧੀ ਨੇ ਦਾਅਵਾ ਕੀਤਾ ਕਿ ਰਾਏਗੜ ਜ਼ਿਲ੍ਹੇ ਵਿੱਚ ਅਲੀਬਾਗ ਪੁਲਿਸ ਨੇ ਬਕਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਦੀ ਜਾਂਚ ਨਹੀਂ ਕੀਤੀ ਸੀ । ਇਸ ਲਈ ਅੰਵਯ ਅਤੇ ਉਸ ਦੀ ਮਾਂ ਨੂੰ ਖੁਦਕੁਸ਼ੀ ਦਾ ਕਦਮ ਚੁੱਕਣਾ ਪਿਆ । ਕਥਿਤ ਤੌਰ ‘ਤੇ ਅੰਵਯ ਨਾਈਕ ਵੱਲੋਂ ਲਿਖੇ ਸੁਸਾਈਡ ਨੋਟ ਵਿੱਚ ਕਿਹਾ ਗਿਆ ਸੀ ਕਿ ਦੋਸ਼ੀਆਂ ਨੇ ਉਨ੍ਹਾਂ ਦੇ 5.40 ਕਰੋੜ ਰੁਪਏ ਅਦਾ ਨਹੀਂ ਕੀਤੇ ਸਨ, ਇਸ ਲਈ ਉਨ੍ਹਾਂ ਨੂੰ ਖੁਦਕੁਸ਼ੀ ਦਾ ਕਦਮ ਚੁੱਕਣਾ ਪਿਆ । ਫਿਲਹਾਲ ਇਸ ਮਾਮਲੇ ਵਿੱਚ ਅਰਨਬ ਗੋਸਵਾਮੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਦੱਸ ਦੇਈਏ ਕਿ ਇਸ ਸਾਲ ਮਈ ਵਿੱਚ ਅੰਵਯ ਦੀ ਪਤਨੀ ਅਕਸ਼ਤਾ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇਨਸਾਫ ਦੀ ਅਪੀਲ ਕੀਤੀ ਸੀ। ਹਾਲਾਂਕਿ, ਰਾਏਗੜ ਦੇ ਤਤਕਾਲੀ ਐਸਪੀ ਅਨਿਲ ਪਾਰਸਕਰ ਅਨੁਸਾਰ ਇਸ ਕੇਸ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਸੀ । ਪੁਲਿਸ ਨੇ ਅਦਾਲਤ ਵਿੱਚ ਰਿਪੋਰਟ ਵੀ ਦਾਇਰ ਕੀਤੀ ਸੀ। ਇਸ ਦੀ ਇੱਕ ਕਾਪੀ ਸ਼ਿਕਾਇਤਕਰਤਾ ਨੂੰ ਭੇਜੀ ਗਈ, ਪਰ ਉਸਨੇ ਇਸ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਇਸ ਤੋਂ ਬਾਅਦ ਰਿਪੋਰਟ ਦੀ ਇੱਕ ਕਾਪੀ ਉਨ੍ਹਾਂ ਨੂੰ ਈਮੇਲ ਰਾਹੀਂ ਭੇਜੀ ਗਈ।