ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਚੋਣਾਂ ਦੇ ਮੂਡ ਵਿੱਚ ਹਨ। ਛੋਟੇ ਰਾਜਾਂ ‘ਤੇ ਉਨ੍ਹਾਂ ਦਾ ਵਿਸ਼ੇਸ਼ ਧਿਆਨ ਹੈ। ਉਤਰਾਖੰਡ ਤੋਂ ਬਾਅਦ ਅੱਜ ਉਹ ਗੋਆ ਵਿੱਚ ਪਹੁੰਚੇ ਹਨ।
ਰਾਜਧਾਨੀ ਪਣਜੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਚੰਗੇ ਇਰਾਦਿਆਂ ਵਾਲੀ ਇਮਾਨਦਾਰ ਸਰਕਾਰ ਆਵੇ ਤਾਂ ਸਭ ਕੁੱਝ ਹੋ ਸਕਦਾ ਹੈ। ਇਸਦੇ ਨਾਲ, ਉਨ੍ਹਾਂ ਨੇ ਗੋਆ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਲਈ ਕਈ ਐਲਾਨ ਕੀਤੇ ਹਨ, ਜਿਨ੍ਹਾਂ ਵਿੱਚ ਰਾਜ ਦੇ ਹਰ ਘਰ ਵਿੱਚੋਂ ਇੱਕ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰਨ ਦਾ ਐਲਾਨ ਵੀ ਸ਼ਾਮਿਲ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੋਆ ਦੇ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹੈ। ਸਾਨੂੰ ਗੋਆ ਵਿੱਚ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ ਅਤੇ ਸਿਰਫ ਇਮਾਨਦਾਰ ਅਤੇ ਨੇਕ ਇਰਾਦੇ ਵਾਲੀ ਸਰਕਾਰ ਹੀ ਅਜਿਹਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਗੋਆ ਵਿੱਚ ਸਰਕਾਰੀ ਨੌਕਰੀ ਚਾਹੁੰਦੇ ਹੋ, ਤਾਂ ਕਿਸੇ ਵਿਧਾਇਕ ਜਾਂ ਮੰਤਰੀ ਨਾਲ ਦੋਸਤੀ ਦੀ ਜ਼ਰੂਰਤ ਹੈ, ਸਿਫਾਰਸ਼ ਦੀ ਜ਼ਰੂਰਤ ਹੈ, ਬਿਨਾਂ ਸਿਫਾਰਸ਼ ਅਤੇ ਰਿਸ਼ਵਤ ਦੇ, ਤੁਹਾਨੂੰ ਗੋਆ ਵਿੱਚ ਨੌਕਰੀ ਨਹੀਂ ਮਿਲ ਸਕਦੀ, ਇਸਨੂੰ ਬੰਦ ਕਰਾਂਗੇ, ਗੋਆ ਵਿੱਚ ਹਰ ਸਰਕਾਰੀ ਨੌਕਰੀ ਤੇ ਗੋਆ ਦੇ ਨੌਜਵਾਨਾਂ ਦਾ ਹੱਕ ਹੋਵੇਗਾ।
ਕੇਜਰੀਵਾਲ ਨੇ ਕਿਹਾ ਕਿ, ਗੋਆ ਦੇ ਹਰ ਘਰ ਵਿੱਚੋਂ ਇੱਕ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। ਉਸ ਨੂੰ ਰੁਜ਼ਗਾਰ ਮਿਲਣ ਤੱਕ 3000 ਰੁਪਏ ਮਹੀਨਾਵਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। 80 ਫੀਸਦੀ ਨੌਕਰੀਆਂ ਗੋਆ ਦੇ ਲੋਕਾਂ ਲਈ ਰਾਖਵੀਆਂ ਹੋਣਗੀਆਂ। ਗੋਆ ਵਿੱਚ ਸਰਕਾਰੀ ਨੌਕਰੀਆਂ ਪਹਿਲਾਂ ਹੀ ਨਾਗਰਿਕਾਂ ਲਈ ਹਨ ਪਰ ਪ੍ਰਾਈਵੇਟ ਨਹੀਂ ਹਨ, ਅਸੀਂ ਉਨ੍ਹਾਂ ਨੂੰ ਪ੍ਰਾਈਵੇਟ ਨੌਕਰੀਆਂ ਦੇਵਾਂਗੇ। ਸੈਰ ਸਪਾਟੇ ‘ਤੇ ਨਿਰਭਰ ਪਰਿਵਾਰ ਕੋਰੋਨਾ ਕਾਰਨ ਬੇਰੁਜ਼ਗਾਰ ਹੋ ਗਏ ਹਨ. ਜਦੋਂ ਤੱਕ ਉਨ੍ਹਾਂ ਦਾ ਰੁਜ਼ਗਾਰ ਵਾਪਿਸ ਨਹੀਂ ਹੁੰਦਾ, ਉਨ੍ਹਾਂ ਪਰਿਵਾਰਾਂ ਨੂੰ 5000 ਰੁਪਏ ਮਹੀਨਾ ਦਿੱਤੇ ਜਾਣਗੇ। ਜਿਹੜੇ ਪਰਿਵਾਰ ਮਾਈਨਿੰਗ ‘ਤੇ ਨਿਰਭਰ ਹਨ, ਜਦੋਂ ਤੱਕ ਖਾਨ ਚਾਲੂ ਨਹੀਂ ਹੋ ਜਾਂਦੀ, ਉਨ੍ਹਾਂ ਪਰਿਵਾਰਾਂ ਨੂੰ ਵੀ ਪ੍ਰਤੀ ਮਹੀਨਾ 5000 ਰੁਪਏ ਦਿੱਤੇ ਜਾਣਗੇ। ਗੋਆ ਵਿੱਚ ਸਕਿੱਲ ਯੂਨੀਵਰਸਿਟੀ ਬਣਾਈ ਜਾਵੇਗੀ, ਨੌਜਵਾਨਾਂ ਨੂੰ ਨੌਕਰੀ ਦੇ ਯੋਗ ਬਣਾਵਾਂਗੇ।
ਇਹ ਵੀ ਦੇਖੋ : ਐਕਸ਼ਨ ‘ਚ CM ਚੰਨੀ , CM ਤੋਂ ਬਾਅਦ ਹੁਣ ਬਦਲਣਗੇ ਪੰਜਾਬ ਦੇ DGP! ਜਾਣੋ ਹੋਰ ਕਿਹੜੇ ਕੀਤੇ ਵੱਡੇ ਬਦਲਾਅ…