ਦਿੱਲੀ ਦੇ ਬਾਰਡਰਾਂ ‘ਤੇ ਜਾਰੀ ਕਿਸਾਨ ਅੰਦੋਲਨ ਨੂੰ ਅੱਜ ਪੂਰਾ 1 ਸਾਲ ਹੋ ਗਿਆ ਹੈ । ਇਸ ਦੌਰਾਨ ਹੁਣ ਤੱਕ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕਿਸਾਨ ਅੱਜ ਵੀ ਪੂਰੇ ਸਬਰ-ਸੰਤੋਖ ਨਾਲ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ ।
ਇਸੇ ਵਿਚਾਲੇ ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰੇ ਹੋਣ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਿਸਾਨਾਂ ਦੇ ਹੌਸਲੇ ਨੂੰ ਸਲਾਮ ਕੀਤਾ ਹੈ। ਉਨ੍ਹਾਂ ਵੱਲੋਂ ਇਸ ਸਬੰਧੀ ਇੱਕ ਟਵੀਟ ਕੀਤਾ ਗਿਆ ਹੈ।
ਜਿਸ ਵਿੱਚ ਉਨ੍ਹਾਂ ਲਿਖਿਆ,”ਅੱਜ ਕਿਸਾਨ ਅੰਦੋਲਨ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਕਿਸਾਨਾਂ ਨੇ ਇਸ ਇਤਿਹਾਸਕ ਅੰਦੋਲਨ ਦੌਰਾਨ ਗਰਮੀ-ਠੰਡ, ਮੀਂਹ-ਝੱਖੜ ਦੇ ਨਾਲ-ਨਾਲ ਕਈ ਸਾਜ਼ਿਸ਼ਾਂ ਦਾ ਵੀ ਸਾਹਮਣਾ ਕੀਤਾ ਹੈ। ਦੇਸ਼ ਦੇ ਕਿਸਾਨਾਂ ਨੇ ਸਾਨੂੰ ਸਿਖਾਇਆ ਹੈ ਕਿ ਸਬਰ ਨਾਲ ਹੱਕ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ। ਮੈਂ ਕਿਸਾਨ ਭਰਾਵਾਂ ਦੇ ਹੌਂਸਲੇ, ਜਜ਼ਬੇ ਤੇ ਕੁਰਬਾਨੀ ਨੂੰ ਸਲਾਮ ਕਰਦਾ ਹਾਂ।”
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਿਸਾਨਾਂ ਦੇ ਹੌਂਸਲੇ ਨੂੰ ਸਲਾਮ ਕੀਤਾ ਹੈ। CM ਚੰਨੀ ਨੇ ਟਵੀਟ ਕਰਦਿਆਂ ਲਿਖਿਆ,” ਮੈਂ ਸਾਡੇ ਅੰਨਦਾਤਿਆਂ ਦੇ ਅਦੁੱਤੀ ਜਜ਼ਬੇ ਨੂੰ ਸਲਾਮ ਕਰਦਾ ਹਾਂ, ਜੋ ਪਿਛਲੇ ਸਾਲ ਮੋਦੀ ਸਰਕਾਰ ਦੁਆਰਾ ਬਣਾਏ ਗਏ ਕਾਲੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਅੱਜ ਤੋਂ ਦਿੱਲੀ ਵਿੱਚ ਬੈਠੇ ਹਨ।
ਉਨ੍ਹਾਂ ਦਾ ਸੰਘਰਸ਼ ਨਾ ਸਿਰਫ਼ ਸਖ਼ਤ ਕਾਨੂੰਨਾਂ ਨੂੰ ਰੱਦ ਕਰਨ ਲਈ ਸਗੋਂ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਬਹਾਦਰੀ, ਹੌਸਲੇ ਅਤੇ ਦ੍ਰਿੜਤਾ ਦੀ ਵਿਲੱਖਣ ਗਾਥਾ ਹੈ।”
ਵੀਡੀਓ ਲਈ ਕਲਿੱਕ ਕਰੋ -: