Asaduddin Owaisi attacks on PM Modi: ਨਵੀਂ ਦਿੱਲੀ: ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਦੇ ਰੱਖਿਆ ਮੰਤਰੀਆਂ ਦੀ ਰੂਸ ਵਿੱਚ ਬੈਠਕ ਤੋਂ ਬਾਅਦ AIMIM ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕਸਿਆ ਹੈ। ਓਵੈਸੀ ਨੇ ਇਹ ਸਵਾਲ ਪੁੱਛਿਆ ਕਿ ਕੀ ਸਾਡੇ ਪ੍ਰਧਾਨ ਮੰਤਰੀ ਆਪਣੇ ਰਿਹਾਇਸ਼ੀ ਬਾਗ ਵਿੱਚ ਮੋਰਾਂ ਨਾਲ ਖੇਡਣ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਉਨ੍ਹਾਂ ਕੋਲ ਲੱਦਾਖ ਵਿੱਚ ਚੀਨ ਦੇ ਕਬਜ਼ੇ ਵਾਲੇ 1000 ਵਰਗ ਕਿਲੋਮੀਟਰ ‘ਤੇ ਬੋਲਣ ਦਾ ਸਮਾਂ ਨਹੀਂ ਹੈ?
ਓਵੈਸੀ ਨੇ ਸ਼ਨੀਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਆਪਣੇ ਟਵੀਟ ਵਿੱਚ ਲਿਖਿਆ, ” ਮਾਸਕੋ ਵਿੱਚ ਦੁਵੱਲੀ ਗੱਲਬਾਤ ਤੋਂ ਬਾਅਦ ਚੀਨ ਦੇ ਰੱਖਿਆ ਮੰਤਰੀ ਦੇ ਬਿਆਨ ਜਾਰੀ ਹੋਣ ਤੋਂ ਬਾਅਦ ਵੀ ਸਾਡੀ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕੀ ਸਾਡੇ ਪ੍ਰਧਾਨ ਮੰਤਰੀ ਆਪਣੇ ਮਹਿਲ ਦੇ ਬਗੀਚੇ ਵਿੱਚ ਮੋਰਾਂ ਨਾਲ ਖੇਡਣ ਵਿੱਚ ਇੰਨੇ ਜ਼ਿਆਦਾ ਰੁੱਝੇ ਹੋਏ ਹਨ ਕਿ ਉਨ੍ਹਾਂ ਕੋਲ ਲੱਦਾਖ ਵਿੱਚ ਚੀਨ ਵੱਲੋਂ ਕਬਜ਼ੇ ਵਿੱਚ ਕੀਤੇ 1000 ਵਰਗ ਕਿਲੋਮੀਟਰ ‘ਤੇ ਬੋਲਣ ਲਈ ਸਮਾਂ ਨਹੀਂ ਹੈ। “
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਰੂਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗੀ ਵਿਚਕਾਰ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਬਾਰੇ ਇੱਕ ਮੀਟਿੰਗ ਹੋਈ ਸੀ। ਬੈਠਕ ਤੋਂ ਬਾਅਦ ਸ਼ਨੀਵਾਰ ਨੂੰ ਚੀਨ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ । ਚੀਨੀ ਸਰਕਾਰ ਨੇ ਇਸ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਲੱਦਾਖ ਵਿੱਚ ਤਣਾਅ ਵਧਾਉਣ ਲਈ ਭਾਰਤ “ਪੂਰੀ ਤਰ੍ਹਾਂ” ਜ਼ਿੰਮੇਵਾਰ ਹੈ। ਨਾਲ ਹੀ, ਬਿਆਨ ਵਿੱਚ ਕਿਹਾ ਗਿਆ ਹੈ ਕਿ ਚੀਨ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਨਹੀਂ ਛੱਡ ਸਕਦਾ। ਹਾਲਾਂਕਿ, ਚੀਨੀ ਬਿਆਨ ਤੋਂ ਤੁਰੰਤ ਬਾਅਦ ਭਾਰਤ ਦੇ ਰੱਖਿਆ ਮੰਤਰੀ ਦੇ ਦਫਤਰ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ “ਮੁਲਾਕਾਤ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਅਮਨ ਬਹਾਲ ਕਰਨ ਲਈ ਕੂਟਨੀਤਕ ਅਤੇ ਸੈਨਿਕ ਤਰੀਕਿਆਂ ਰਾਹੀਂ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ ਅਤੇ ਐਲਏਸੀ ਤੇ ਤਣਾਅ ਨੂੰ ਜਲਦੀ ਤੋਂ ਜਲਦੀ ਘਟਾਉਣਾ ਚਾਹੀਦਾ ਹੈ।”