ਉੱਤਰ ਪ੍ਰਦੇਸ਼ ਵਿੱਚ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਹਰ ਰੋਜ਼ ਨਵੇਂ ਰਾਜਨੀਤਕ ਸਮੀਕਰਨ ਵਿਗੜਦੇ ਜਾ ਰਹੇ ਹਨ । ਰਾਜ ਵਿੱਚ ਜਿੱਥੇ ਭਾਜਪਾ ਇਕ ਵਾਰ ਫਿਰ ਯੋਗੀ ਆਦਿੱਤਿਆਨਾਥ ਦੇ ਚਿਹਰੇ ‘ਤੇ ਚੋਣ ਮੈਦਾਨ ਵਿੱਚ ਉਤਰਨ ਲਈ ਤਿਆਰ ਹੈ, ਉੱਥੇ ਹੀ ਵਿਰੋਧੀ ਧਿਰ ਅਜੇ ਵੀ ਗੱਠਜੋੜ ਦੀ ਰਾਜਨੀਤੀ ਵਿੱਚ ਉਲਝੇ ਹੋਏ ਦਿਖਾਈ ਦੇ ਰਹੇ ਹਨ ।
ਦਰਅਸਲ, ਇਸੇ ਵਿਚਾਲੇ ਚੋਣਾਂ ਤੋਂ ਪਹਿਲਾਂ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ । ਜਿਸ ਵਿੱਚ AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਵਿੱਚ 100 ਸੀਟਾਂ ‘ਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ । ਓਵੈਸੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਹੁਣ ਤੱਕ ਸਿਰਫ ਓਮ ਪ੍ਰਕਾਸ਼ ਰਾਜਭਰ ਦੀ ਪਾਰਟੀ ਨਾਲ ਗੱਠਜੋੜ ਹੈ।
ਇਸ ਸਬੰਧੀ ਓਵੈਸੀ ਨੇ ਟਵਿੱਟਰ ‘ਤੇ ਟਵੀਟ ਵੀ ਕੀਤੇ ਹਨ। ਉਨ੍ਹਾਂ ਨੇ ਟਵਿੱਟਰ ‘ਤੇ ਟਵੀਟ ਕਰਦਿਆਂ ਲਿਖਿਆ ਕਿ ਉੱਤਰ ਪ੍ਰਦੇਸ਼ ਚੋਣਾਂ ਨੂੰ ਲੈ ਕੇ ਕੁਝ ਗੱਲਾਂ ਤੁਹਾਡੇ ਸਾਹਮਣੇ ਰੱਖ ਦੇਣਾ ਚਾਹੁੰਦਾ ਹਾਂ। ਅਸੀਂ ਫੈਸਲਾ ਲਿਆ ਹੈ ਕਿ ਅਸੀਂ 100 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰਾਂਗੇ, ਪਾਰਟੀ ਨੇ ਉਮੀਦਵਾਰਾਂ ਨੂੰ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਅਸੀਂ ਉਮੀਦਵਾਰ ਅਰਜ਼ੀ ਵੀ ਜਾਰੀ ਕਰ ਦਿੱਤੀ ਹੈ ।
ਇਸ ਦੇ ਨਾਲ ਹੀ ਇੱਕ ਹੋਰ ਟਵੀਟ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ ਅਸੀਂ ਓਮ ਪ੍ਰਕਾਸ਼ ਰਾਜਭਰ ਸਾਹਿਬ ‘ਭਾਗੀਦਾਰੀ ਸੰਕਲਪ ਮੋਰਚਾ’ ਦੇ ਨਾਲ ਹਾਂ । ਸਾਡੇ ਵੱਲ਼ੋਂ ਕਿਸੇ ਪਾਰਟੀ ਨਾਲ ਚੋਣਾਂ ਜਾਂ ਗਠਜੋੜ ਦੇ ਸਿਲਸਿਲੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਹੈ।
ਗੌਰਤਲਬ ਹੈ ਕਿ ਓਵੈਸੀ ਦਾ ਇਹ ਐਲਾਨ ਸਪਾ, ਬਸਪਾ ਅਤੇ ਕਾਂਗਰਸ ਲਈ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪਿਛਲੇ ਸਾਲ ਓਵੈਸੀ ਦੀ ਪਾਰਟੀ ਨੇ ਬਿਹਾਰ ਵਿੱਚ 20 ਸੀਟਾਂ ‘ਤੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਸਨ । ਜਿੱਥੇ ਸੀਮਾਂਚਲ ਇਲਾਕੇ ਵਿੱਚ ਉਨ੍ਹਾਂ ਦੀ ਪਾਰਟੀ ਦੇ 5 ਉਮੀਦਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ।