Asaduddin Owaisi Targets PM Modi: ਨਵੀਂ ਦਿੱਲੀ: ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਨੇ ਚੀਨ ਦੇ ਮੁੱਦੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ । ਉਨ੍ਹਾਂ ਨੇ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗਲਵਾਨ ਟਕਰਾਅ ਤੋਂ ਬਾਅਦ ‘ਚੀਨ ਤੋਂ ਕਰਜ਼ਾ ਲੈਣ’ ਦੇ ਦੋਸ਼ਾਂ ਨੂੰ ਲੈ ਕੇ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਕਿ ਮੋਦੀ ਸਰਕਾਰ ਨੇ ਗਲਵਾਨ ਵਿੱਚ ਹੋਏ ਹਿੰਸਕ ਟਕਰਾਅ ਦਾ ਮੂੰਹਤੋੜ ਜਵਾਬ ਚੀਨ ਤੋਂ ਉਧਾਰ ਲੈ ਕੇ ਦਿੱਤਾ ਹੈ।
ਓਵੈਸੀ ਨੇ ਆਪਣੇ ਟਵੀਟ ਵਿੱਚ ਲਿਖਿਆ, ‘15 ਜੂਨ ਨੂੰ ਚੀਨੀ ਫੌਜ ਨਾਲ ਹੋਈ ਝੜਪ ਵਿੱਚ 20 ਭਾਰਤੀ ਜਵਾਨਾਂ ਦੀ ਜਾਨ ਚਲੀ ਗਈ । ਉਨ੍ਹਾਂ ਨਾਲ ਬੇਇਨਸਾਫੀ ਅਤੇ ਬੇਰਹਿਮੀ ਨਾਲ ਪੇਸ਼ ਆਇਆ ਗਿਆ । ਚਾਰ ਦਿਨ ਬਾਅਦ, 19 ਜੂਨ ਨੂੰ ਪ੍ਰਧਾਨ ਮੰਤਰੀ ਨੇ ਚੀਨ ਤੋਂ 5,521 ਕਰੋੜ ਉਧਾਰ ਲੈ ਕੇ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ। ਇਹ ਸਾਡੇ ਜਵਾਨਾਂ ਦੀ ਕੁਰਬਾਨੀ ਦਾ ਅਪਮਾਨ ਹੈ।
ਜ਼ਿਕਰਯੋਗ ਹੈ ਕਿ ਓਵੈਸੀ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਸ ਮੁੱਦੇ ‘ਤੇ ਸਰਕਾਰ ਦਾ ਘਿਰਾਓ ਕੀਤਾ ਸੀ । ਉਨ੍ਹਾਂ ਨੇ ਸੰਸਦ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਤੋਂ ਬਾਅਦ ਟਵਿੱਟਰ ‘ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸਰਬ ਪਾਰਟੀ ਬੈਠਕ ਵਿੱਚ ਸੀਂ ਕਿਹਾ ਸੀ ਕਿ ਕਿਸੇ ਭਾਰਤੀ ਖੇਤਰ ‘ਤੇ ਕਬਜ਼ਾ ਨਹੀਂ ਹੈ ਅਤੇ ਕੋਈ ਘੁਸਪੈਠ ਨਹੀਂ ਹੋਈ ਹੈ? ਫਿਰ ਅਸੀਂ ਗਲਵਾਨ ਵਿੱਚ ਅਸੀਂ 20 ਬਹਾਦਰ ਸਿਪਾਹੀ ਕਿਵੇਂ ਗੁਆਏ? ਉਸ ਰਾਤ ਕੀ ਹੋਇਆ ਸੀ? ਸਰਕਾਰ ਸਾਡੇ ਬੰਦੀ ਜਵਾਨਾਂ ਬਾਰੇ ਸੱਚ ਕਿਉਂ ਨਹੀਂ ਦੱਸ ਰਹੀ? ਤੁਸੀਂ ਸੰਸਦ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਤੁਸੀਂ ਚੀਨ ਤੋਂ ਮੰਗ ਕੀਤੀ ਹੈ ਕਿ LAC ‘ਤੇ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਕਾਇਮ ਰੱਖੀ ਜਾਵੇ?
ਉੱਥੇ ਹੀ ਦੂਜੇ ਪਾਸੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਸੰਸਦ ਵਿੱਚ ਕਿਹਾ ਕਿ ਭਾਰਤ ਦੇ ਆਪਣੇ ਗੁਆਂਢੀ ਦੇਸ਼ਾਂ ਨਾਲ ਸਬੰਧ ਨਹੀਂ ਵਿਗੜੇ ਹਨ ਅਤੇ ਨਾ ਹੀ ਪਿਛਲੇ ਛੇ ਮਹੀਨਿਆਂ ਵਿੱਚ ਭਾਰਤ-ਚੀਨ ਸਰਹੱਦ ‘ਤੇ ਕੋਈ ਘੁਸਪੈਠ ਹੋਈ ਹੈ । ਹਾਲਾਂਕਿ, ਵਿਰੋਧੀ ਧਿਰ ਲਗਾਤਾਰ ਚੀਨ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰ ਰਹੀ ਹੈ । ਮੁੱਖ ਵਿਰੋਧੀ ਪਾਰਟੀ ਕਾਂਗਰਸ ਦਾ ਕਹਿਣਾ ਹੈ ਕਿ ਸਰਕਾਰ ਚੀਨ ਦੇ ਮੁੱਦੇ ਬਾਰੇ ਸੱਚਾਈ ਨਹੀਂ ਦੱਸ ਰਹੀ ਹੈ।