ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲਗਾਤਾਰ ਵਿਗੜ ਰਹੇ ਹਾਲਾਤਾਂ ਅਤੇ ਮਹਿਲਾਵਾਂ ਪ੍ਰਤੀ ਅੱਤਿਆਚਾਰ ਦੀਆਂ ਖਬਰਾਂ ਵਿਚਾਲੇ ਅਸਦੁਦੀਨ ਓਵੈਸੀ ਨੇ ਭਾਰਤ ਸਰਕਾਰ ‘ਤੇ ਹਮਲਾ ਕੀਤਾ ਹੈ ।
ਵੀਰਵਾਰ ਦੇਰ ਰਾਤ AIMIM ਦੇ ਇੱਕ ਪ੍ਰੋਗਰਾਮ ਵਿੱਚ ਓਵੈਸੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਉਨ੍ਹਾਂ ਮਹਿਲਾਵਾਂ ਦੀ ਚਿੰਤਾ ਜ਼ਿਆਦਾ ਹੈ ਜੋ ਅਫਗਾਨਿਸਤਾਨ ਵਿੱਚ ਹਨ, ਪਰ, ਉਹ ਆਪਣੇ ਦੇਸ਼ ਦੀਆਂ ਮਹਿਲਾਵਾਂ ਬਾਰੇ ਕੁਝ ਨਹੀਂ ਬੋਲਦੇ।
ਇਸ ਤੋਂ ਅੱਗੇ AIMIM ਮੁਖੀ ਨੇ ਕਿਹਾ ਕਿ ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਵਿੱਚ ਹੀ ਨੌਂ ਲੜਕੀਆਂ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ । ਇੱਥੇ ਮਹਿਲਾਵਾਂ ਵਿਰੁੱਧ ਅਪਰਾਧ ਅਤੇ ਬਲਾਤਕਾਰ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਪਰ, ਸਾਨੂੰ ਅਫਗਾਨਿਸਤਾਨ ਵਿੱਚ ਫਸੀਆਂ ਹੋਈਆਂ ਮਹਿਲਾਵਾਂ ਦੀ ਵਧੇਰੇ ਚਿੰਤਾ ਹੈ।
ਓਵੈਸੀ ਨੇ ਕਿਹਾ ਕਿ ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ੇ ਦਾ ਸਭ ਤੋਂ ਜ਼ਿਆਦਾ ਫਾਇਦਾ ਪਾਕਿਸਤਾਨ ਨੂੰ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਲਕਾਇਦਾ ਵਰਗੇ ਅੱਤਵਾਦੀ ਸੰਗਠਨ ਅਫਗਾਨਿਸਤਾਨ ਦੇ ਕੁਝ ਇਲਾਕਿਆਂ ਵਿੱਚ ਫਿਰ ਤੋਂ ਸਰਗਰਮ ਹੋ ਗਏ ਹਨ । ISI ਪਹਿਲਾਂ ਹੀ ਭਾਰਤ ਦੀ ਦੁਸ਼ਮਣ ਹੈ । ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਈਐਸਆਈ ਤਾਲਿਬਾਨ ਨੂੰ ਕੰਟਰੋਲ ਕਰਦਾ ਹੈ ਅਤੇ ਤਾਲਿਬਾਨ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਹੈ।