LAC ‘ਤੇ ਚੀਨ ਵੱਲੋਂ ਘੁਸਪੈਠ ਤੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲਿਆਂ ਨੂੰ ਲੈ ਕੇ AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਚੀਨ ‘ਤੇ ਬੋਲਣ ਤੋਂ ਹਮੇਸ਼ਾਂ ਡਰਦੇ ਹਨ। ਇੱਥੋਂ ਤੱਕ ਕਿ ਚਾਹ ਵਿੱਚ ਚੀਨੀ ਵੀ ਨਹੀਂ ਪਾਉਂਦੇ ਕਿ ਕਿਤੇ ਚੀਨ ਨਾ ਨਿਕਲ ਆਵੇ।
ਉਨ੍ਹਾਂ ਨੇ ਪੀਐੱਮ ਮੋਦੀ ‘ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ ਹੈ। ਓਵੈਸੀ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਦੋ ਚੀਜ਼ਾਂ ਨੂੰ ਲੈ ਕੇ ਕਦੇ ਵੀ ਜ਼ੁਬਾਨ ਨਹੀਂ ਖੋਲ੍ਹਦੇ। ਇੱਕ ਤਾਂ ਪੈਟਰੋਲ ਤੇ ਡੀਜ਼ਲ ਦੀ ਮਹਿੰਗਾਈ ਤੇ ਦੂਜਾ ਚੀਨ ਦੀ ਘੁਸਪੈਠ। ਚੀਨ ਸਾਡੇ ਮੁਲਕ ਵਿੱਚ ਵੜ੍ਹ ਕੇ ਬੈਠ ਗਿਆ ਹੈ।
ਇਹ ਵੀ ਪੜ੍ਹੋ: CBSE : 10ਵੀਂ ਤੇ 12ਵੀਂ ਟਰਮ-1 ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਦੇਖੋ ਪੂਰਾ ਸ਼ਡਿਊਲ
ਇਸ ਤੋਂ ਇਲਾਵਾ ਓਵੈਸੀ ਨੇ 24 ਅਕਤੂਬਰ ਨੂੰ ਹੋਣ ਵਾਲੇ ਭਾਰਤ-ਪਾਕਿ ਮੈਚ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਦੇਸ਼ ਦੇ 9 ਜਵਾਨ ਸ਼ਹੀਦ ਹੋ ਗਏ ਅਤੇ 24 ਤਾਰੀਕ ਨੂੰ ਭਾਰਤ-ਪਾਕਿਸਤਾਨ ਦਾ T20 ਮੈਚ ਖੇਡਿਆ ਜਾਵੇਗਾ । ਉਨ੍ਹਾਂ ਕਿਹਾ ਕਿ ਕੀ ਮੋਦੀ ਜੀ ਨੇ ਨਹੀਂ ਕਿਹਾ ਸੀ ਕਿ ਫੌਜ ਮਰ ਰਹੀ ਹੈ ਤੇ ਸਰਕਾਰ ਬਿਰਯਾਨੀ ਖਵਾ ਰਹੀ ਹੈ ? ਪਰ ਹੁਣ ਜਦੋਂ 9 ਜਵਾਨ ਸ਼ਹੀਦ ਹੋ ਗਏ ਹਨ ਤਾਂ ਤੁਸੀ ਟੀ-20 ਖੇਡਣਗੇ।
ਓਵੈਸੀ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਵਿੱਚ ਲੋਕਾਂ ਨਾਲ ਟੀ-20 ਖੇਡ ਰਿਹਾ ਹੈ। ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਅਜਿਹੇ ਵਿੱਚ ਇੰਟੈਲੀਜੈਂਸ ਬਿਊਰੋ ਤੇ ਅਮਿਤ ਸ਼ਾਹ ਕੀ ਕਰ ਰਹੇ ਹਨ। ਕਸ਼ਮੀਰ ਵਿੱਚ ਹਥਿਆਰ ਆ ਰਹੇ ਹਨ ਤੇ ਤੁਸੀ ਮੈਚ ਖੇਡੋਗੇ। LOC ‘ਤੇ ਤੁਸੀ ਅਜਿਹਾ ਸੀਜ਼ਫਾਇਰ ਕੀਤਾ ਕਿ ਹੁਣ ਡ੍ਰੋਨ ਰਾਹੀਂ ਹਥਿਆਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜੋ ਵੀ ਕਸ਼ਮੀਰ ਵਿੱਚ ਹੋ ਰਿਹਾ ਹੈ ਉਹ ਮੋਦੀ ਸਰਕਾਰ ਦੀ ਨਾਕਾਮੀ ਹੈ।