Ashok Gehlot brother raided: ਜੋਧਪੁਰ: ਰਾਜਸਥਾਨ ਵਿੱਚ ਚੱਲ ਰਹੀਆਂ ਰਾਜਨੀਤਿਕ ਘਟਨਾਵਾਂ ਦੇ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ(ED) ਨੇ ਬੁੱਧਵਾਰ ਨੂੰ ਜੋਧਪੁਰ ਵਿੱਚ ਸੀਐਮ ਅਸ਼ੋਕ ਗਹਿਲੋਤ ਦੇ ਵੱਡੇ ਭਰਾ ਅਗ੍ਰਸੇਨ ਗਹਿਲੋਤ ਦੇ ਘਰ ਛਾਪਾ ਮਾਰਿਆ ਹੈ । ਛਾਪੇਮਾਰੀ ਦੌਰਾਨ ED ਦੀ ਟੀਮ ਪੀਪੀਈ ਕਿੱਟ ਪਾ ਕੇ ਉੱਥੇ ਪਹੁੰਚੀ। ED ਦੀ ਟੀਮ ਉਥੇ ਦਸਤਾਵੇਜ਼ਾਂ ਦੀ ਜਾਂਚ ਵਿੱਚ ਲੱਗੀ ਹੋਈ ਹੈ। ਇਹ ਟੀਮ ਸਵੇਰੇ 11 ਵਜੇ ਮੰਡੌਰ ਥਾਣੇ ਤੋਂ ਨੌਂ ਮੀਲ ਪਿੱਛੇ ਅਗਰਸੇਨ ਗਹਿਲੋਤ ਦੇ ਘਰ ਪਹੁੰਚੀ । ਇਸ ਤੋਂ ਪਹਿਲਾਂ ED ਨੇ ਰਾਜ ਵਿੱਚ ਸੀਐਮ ਅਸ਼ੋਕ ਗਹਿਲੋਤ ਦੇ ਨੇੜਲੇ ਕਾਂਗਰਸੀ ਨੇਤਾਵਾਂ ਦੇ ਘਰਾਂ ‘ਤੇ ਵੀ ਛਾਪਾ ਮਾਰਿਆ ਸੀ।
ਦਰਅਸਲ, ਮਿਊਰੇਟ ਆਫ਼ ਪੋਟਾਸ਼ (ਐਮਓਪੀ) ਦੀ ਨਿਰਯਾਤ ਲਈ ਪਾਬੰਦੀ ਹੈ। ਐਮਓਪੀ ਨੂੰ ਇੰਡੀਅਨ ਪੋਟਾਸ਼ ਲਿਮਟਿਡ (ਆਈਪੀਐਲ) ਵੱਲੋਂ ਆਯਾਤ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਨੂੰ ਛੂਟ ਵਾਲੀਆਂ ਦਰਾਂ ‘ਤੇ ਵੰਡਿਆ ਜਾਂਦਾ ਹੈ। ਇਲਜ਼ਾਮ ਇਹ ਹੈ ਕਿ 2007-2009 ਦੇ ਵਿਚਕਾਰ ਅਗ੍ਰਸੇਨ ਗਹਿਲੋਤ, (ਜੋ ਆਈ ਪੀ ਐਲ ਲਈ ਅਧਿਕਾਰਤ ਡੀਲਰ ਸੀ) ਨੇ ਘੱਟ ਰੇਟ ‘ਤੇ ਐਮਓਪੀ ਖਰੀਦੀ ਸੀ ਅਤੇ ਇਸ ਨੂੰ ਕਿਸਾਨਾਂ ਨੂੰ ਵੰਡਣ ਦੀ ਬਜਾਏ, ਉਸਨੇ ਇਸ ਨੂੰ ਕੁਝ ਕੰਪਨੀਆਂ ਨੂੰ ਵੇਚ ਦਿੱਤਾ ਸੀ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਇਸ ਦਾ ਖੁਲਾਸਾ 2012-13 ਵਿੱਚ ਕੀਤਾ ਸੀ।
ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਸੀ ਕਿ ਰਾਜਸਥਾਨ ਦੇ ਤਤਕਾਲੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਦੀ ਕੰਪਨੀ ਨੇ ਕਥਿਤ ਤੌਰ ‘ਤੇ ਸਬਸਿਡੀ ਵਾਲੀ ਖਾਦ ਨਿਰਯਾਤ ਕੀਤੀ ਸੀ, ਜੋ ਘਰੇਲੂ ਖਪਤ ਲਈ ਸੀ । ਭਾਜਪਾ ਨੇ ਕਿਹਾ ਸੀ ਕਿ ਅਗ੍ਰਸੇਨ ਗਹਿਲੋਤ ਦੀ ਕੰਪਨੀ ਨੇ ਦੇਸ਼ ਦੇ ਕਿਸਾਨਾਂ ਲਈ ਆਯਾਤ ਕੀਤੀ ਜਾਣ ਵਾਲੀ ਪੋਟਾਸ਼ ਖਾਦ ਦਾ ਨਿਰਯਾਤ ਕੀਤਾ ਸੀ।
ਹਾਲਾਂਕਿ, ਅਗ੍ਰਸੇਨ ਗਹਿਲੋਤ ਨੇ ਉਸ ਸਮੇਂ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਹੁਣ ਈਡੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਜਸਥਾਨ ਵਿੱਚ ਰਾਜਨੀਤਿਕ ਉਥਲ-ਪੁਥਲ ਦੇ ਦਰਮਿਆਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।