ਸਚਿਨ ਪਾਇਲਟ ਅਕਸਰ ਆਪਣੇ ਕਰੀਬੀਆਂ ਨੂੰ ਕੈਬਨਿਟ ਵਿੱਚ ਜਗ੍ਹਾ ਦੇਣ ਦੀ ਮੰਗ ਕਰਦੇ ਰਹੇ ਹਨ । ਹੁਣ ਤੱਕ ਅਸ਼ੋਕ ਗਹਿਲੋਤ ਮੰਤਰੀ ਮੰਡਲ ਦੇ ਫੇਰਬਦਲ ਨੂੰ ਟਾਲਦੇ ਆ ਰਹੇ ਹਨ ਪਰ ਹੁਣ ਲੱਗਦਾ ਹੈ ਕਿ ਉਨ੍ਹਾਂ ਨੂੰ ਹਾਈਕਮਾਨ ਦੇ ਦਖਲ ਅੱਗੇ ਝੁਕਣਾ ਪਵੇਗਾ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਵੀਰਵਾਰ ਨੂੰ ਦਿੱਲੀ ਪਹੁੰਚੇ ਅਸ਼ੋਕ ਗਹਿਲੋਤ ਨੇ ਖੁਦ ਇਸ ਗੱਲ ਦਾ ਸੰਕੇਤ ਦਿੱਤਾ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ੋਕ ਗਹਿਲੋਤ ਨੇ ਕਿਹਾ, ‘ਕੈਬਨਿਟ ਵਿੱਚ ਫੇਰਬਦਲ ਬਾਰੇ ਪਾਰਟੀ ਹਾਈਕਮਾਂਡ ਵੱਲੋਂ ਫੈਸਲਾ ਲਿਆ ਜਾਵੇਗਾ। ਅਜੇ ਮਾਕਨ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹਨ। ਅਸੀਂ ਚਾਹੁੰਦੇ ਹਾਂ ਕਿ ਸੂਬੇ ਵਿੱਚ ਸਰਕਾਰ ਚੰਗੀ ਤਰ੍ਹਾਂ ਚੱਲੇ ਅਤੇ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਮਿਲੇ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ‘ਚ ਨਵਜੋਤ ਸਿੱਧੂ ਨੇ ਕੈਪਟਨ ਦੀਆਂ ਤਰੀਫ਼ਾਂ ਦੇ ਬੰਨ੍ਹੇ ਪੁਲ
ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨੂੰ ਅਸ਼ੋਕ ਗਹਿਲੋਤ ਨੇ ਰਾਹੁਲ ਗਾਂਧੀ ਦੀ ਤੁਗਲਕ ਲੇਨ ਸਥਿਤ ਰਿਹਾਇਸ਼ ‘ਤੇ ਪ੍ਰਿਅੰਕਾ ਗਾਂਧੀ ਨਾਲ ਲੰਬੀ ਮੁਲਾਕਾਤ ਕੀਤੀ ਸੀ । ਇਸ ਦੌਰਾਨ ਕੇਸੀ ਵੇਣੂਗੋਪਾਲ ਅਤੇ ਅਜੇ ਮਾਕਨ ਵਰਗੇ ਸੀਨੀਅਰ ਨੇਤਾ ਵੀ ਮੌਜੂਦ ਸਨ । ਇਸ ਮੁਲਾਕਾਤ ਬਾਰੇ ਇਹੀ ਕਿਹਾ ਜਾ ਰਿਹਾ ਸੀ ਕਿ ਪ੍ਰਿਅੰਕਾ ਗਾਂਧੀ ਨੇ ਅਸ਼ੋਕ ਗਹਿਲੋਤ ਨੂੰ ਰਾਜਸਥਾਨ ਵਿੱਚ ਸੁਲ੍ਹਾ-ਸਫਾਈ ਦਾ ਫਾਰਮੂਲਾ ਲੱਭਣ ਲਈ ਬੁਲਾਇਆ ਹੈ। ਇਸ ਤੋਂ ਅੱਗੇ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੈਂ ਸੂਬੇ ਦੀ ਮੌਜੂਦਾ ਸਥਿਤੀ ਬਾਰੇ ਪਾਰਟੀ ਹਾਈਕਮਾਨ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਹੈ।
ਦੱਸ ਦੇਈਏ ਕਿ ਇਸ ਸਬੰਧੀ ਸਚਿਨ ਪਾਇਲਟ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਜਿਨ੍ਹਾਂ ਵਰਕਰਾਂ ਨੇ ਉਨ੍ਹਾਂ ਨੂੰ ਲਿਆਉਣ ਲਈ ਸਖਤ ਮਿਹਨਤ ਕੀਤੀ ਹੈ, ਉਨ੍ਹਾਂ ਨੂੰ ਸਰਕਾਰ ਵਿੱਚ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ। ਹੁਣ ਸੂਬੇ ਦੀਆਂ ਚੋਣਾਂ ਲਈ ਸਿਰਫ਼ ਦੋ ਸਾਲ ਬਾਕੀ ਹਨ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਧੜੇਬੰਦੀ ਅਤੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਲਈ ਸੁਲ੍ਹਾ-ਸਫਾਈ ਦਾ ਰਾਹ ਲੱਭ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: