Assam Mizoram border dispute: ਅਸਾਮ: ਅਸਾਮ-ਮਿਜ਼ੋਰਮ ਸਰਹੱਦ ‘ਤੇ 2 ਧਿਰਾਂ ਵਿੱਚ ਹਿੰਸਕ ਝੜਪ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸ ਹਿੰਸਕ ਝੜਪ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ। ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਐਤਵਾਰ ਰਾਤ ਅਸਾਮ-ਮਿਜ਼ੋਰਮ ਸਰਹੱਦ ਦੀ ਸਥਿਤੀ ਦੀ ਰਿਪੋਰਟ ਪ੍ਰਧਾਨ ਮੰਤਰੀ ਦਫ਼ਤਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਹੈ । ਇਸ ਦੇ ਨਾਲ ਹੀ ਸੋਨੋਵਾਲ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮਥਾਂਗਾ ਨਾਲ ਗੱਲ ਕੀਤੀ ਹੈ ।
ਉੱਥੇ ਹੀ ਦੂਜੇ ਪਾਸੇ ਇਸ ਬਾਰੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਕੰਟਰੋਲ ਵਿੱਚ ਹੈ ਅਤੇ ਸੁਰੱਖਿਆ ਕਰਮੀਆਂ ਨੂੰ ਅਸਾਮ ਦੇ ਕਛਾਰ ਜ਼ਿਲ੍ਹੇ ਅਤੇ ਮਿਜ਼ੋਰਮ ਦੇ ਕੋਲਾਸਿਬ ਜ਼ਿਲ੍ਹੇ ਦੇ ਅਧੀਨ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਵਿੱਚ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਸਰਹੱਦੀ ਵਿਵਾਦ ਸੁਲਝਾਉਣ ਅਤੇ ਸਰਹੱਦ ‘ਤੇ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੀ ਵਕਾਲਤ ਕੀਤੀ।
ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਾਰਥ ਈਸਟ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ । ਇਸ ਤਰੱਕੀ ਦੀ ਗਤੀ ਬਣਾਏ ਰੱਖਣ ਲਈ ਸੂਬਿਆਂ ਵਿਚਾਲੇ ਸ਼ਾਂਤੀ ਬਣਾਏ ਰੱਖਣ ਅਤੇ ਸਬੰਧਾਂ ਨੂੰ ਵਧਾਉਣ ਦੀ ਜ਼ਰੂਰਤ ਹੈ । ਸੋਨੋਵਾਲ ਨੇ ਕਿਹਾ ਕਿ ਮਤਭੇਦ ਹੋ ਸਕਦੇ ਹਨ ਪਰ ਸਾਰੇ ਮਤਭੇਦਾਂ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ ਹੈ ।
ਦੱਸ ਦੇਈਏ ਕਿ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਮਥਾਂਗਾ ਨੇ ਮੁੱਖ ਮੰਤਰੀ ਸੋਨੋਵਾਲ ਨੂੰ ਅੰਤਰਰਾਜੀ ਸਰਹੱਦ ‘ਤੇ ਸ਼ਾਂਤੀ ਬਣਾਏ ਰੱਖਣ ਅਤੇ ਸਹਿਯੋਗ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਰਿਪੋਰਟਾਂ ਅਨੁਸਾਰ ਅਸਾਮ ਦੇ ਕਛਾਰ ਜ਼ਿਲ੍ਹੇ ਦੇ ਲਾਇਲਪੁਰ ਇਲਾਕੇ ਵਿੱਚ ਸ਼ਨੀਵਾਰ ਸ਼ਾਮ ਅਸਾਮ ਅਤੇ ਮਿਜ਼ੋਰਮ ਦੇ 2 ਸਮੂਹਾਂ ਵਿਚਾਲੇ ਝੜਪ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਅਸਾਮ-ਮਿਜ਼ੋਰਮ ਸਰਹੱਦ ਨਾਲ ਲੈਲਾਪੁਰ ਇਲਾਕੇ ਕੋਲ ਸ਼ਰਾਰਤੀ ਅਨਸਰਾਂ ਨੇ ਕਈ ਘਰਾਂ ਵਿੱਚ ਅੱਗ ਲਗਾ ਦਿੱਤੀ ਸੀ ਤੇ ਉੱਥੇ ਹੀ ਦੂਜੇ ਪਾਸੇ ਅਸਾਮ ਦੇ ਜੰਗਲਾਤ ਮੰਤਰੀ ਪਰਿਮਲ ਸੁਖਾਬੈਘ ਨੇ ਐਤਵਾਰ ਨੂੰ ਲਾਇਲਪੁਰ ਖੇਤਰ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।