ਪੱਛਮੀ ਬੰਗਾਲ ਦੀ ਭਵਾਨੀਪੁਰ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ ਅਤੇ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂ ਦਿਲੀਪ ਘੋਸ਼ ਨਾਲ ਧੱਕਾ ਮੁੱਕੀ ਹੋਈ ਹੈ। ਘੋਸ਼ ਦੇ ਨਾਲ ਸੰਸਦ ਮੈਂਬਰ ਅਰਜੁਨ ਸਿੰਘ ਵੀ ਸਨ।
ਭਾਰਤੀ ਜਨਤਾ ਪਾਰਟੀ ਨੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਵਰਕਰਾਂ ‘ਤੇ ਹਮਲੇ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਉੱਥੇ ਕਾਫੀ ਤਣਾਅ ਸੀ। ਭਾਜਪਾ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਸ਼ਟਰੀ ਉਪ ਪ੍ਰਧਾਨ ਦਿਲੀਪ ਘੋਸ਼ ‘ਤੇ ਭਵਾਨੀਪੁਰ ‘ਚ ਚੋਣ ਪ੍ਰਚਾਰ ਦੌਰਾਨ ਹਮਲਾ ਕੀਤਾ ਗਿਆ ਹੈ। ਇੱਕ ਵੀਡੀਓ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਦਿਲੀਪ ਘੋਸ਼ ਦੇ ਸੁਰੱਖਿਆ ਕਰਮਚਾਰੀ ਪਿਸਤੌਲ ਦਿਖਾ ਕੇ ਭੀੜ ਨੂੰ ਭਜਾਉਂਦੇ ਹੋਏ ਦਿਖਾਈ ਦੇ ਰਹੇ ਹਨ। ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦਿਆਂ ਸ਼ੁਭੇਂਦੂ ਅਧਿਕਾਰੀ ਨੇ ਸਵਾਲ ਕੀਤਾ ਹੈ ਕਿ ਆਖਿਰ ਹਿੰਸਾ ਦਾ ਇਹ ਸਿਲਸਿਲਾ ਕਦੋਂ ਰੁਕੇਗਾ?
ਹਮਲੇ ਤੋਂ ਬਾਅਦ ਦਿਲੀਪ ਘੋਸ਼ ਨੇ ਰਾਜ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਜਦੋਂ ਭਵਾਨੀਪੁਰ ਵਿੱਚ ਲੋਕਾਂ ਦੇ ਨੁਮਾਇੰਦਿਆਂ ‘ਤੇ ਹਮਲਾ ਕੀਤਾ ਜਾ ਸਕਦਾ ਹੈ, ਤਾਂ ਆਮ ਨਾਗਰਿਕ ਉੱਥੇ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ ? ਦਿਲੀਪ ਘੋਸ਼ ਨੇ ਅੱਗੇ ਦਾਅਵਾ ਕੀਤਾ, ‘ਅੱਜ ਭਵਾਨੀਪੁਰ ਵਿੱਚ ਟੀਐਮਸੀ ਦੇ ਗੁੰਡਿਆਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ।’ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਸੀਟ ਉਪ ਚੋਣ ਲਈ ਉਮੀਦਵਾਰ ਵੱਜੋਂ ਮੈਦਾਨ ‘ਚ ਹਨ ਅਤੇ ਭਾਜਪਾ ਦੀ ਪ੍ਰਿਯੰਕਾ ਟਿਬਰੇਵਾਲ ਦੇ ਨਾਲ ਉਨ੍ਹਾਂ ਦਾ ਮੁਕਾਬਲਾ ਹੈ। ਇਸ ਸੀਟ ‘ਤੇ ਵੋਟਿੰਗ 30 ਸਤੰਬਰ ਨੂੰ ਹੋਵੇਗੀ।