Baba Ka Dhaba owner files complaint: ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਮਾਲਵੀਆ ਨਗਰ ਸਥਿਤ ‘ਬਾਬਾ ਕਾ ਢਾਬਾ’ ਸੋਸ਼ਲ ਮੀਡੀਆ ‘ਤੇ ਬੀਤੇ ਦਿਨੀਂ ਖੂਬ ਵਾਇਰਲ ਹੋਇਆ ਸੀ । ਲੋਕ ਇਸ ਢਾਬੇ ਨੂੰ ਚਲਾਉਣ ਵਾਲੇ 80 ਸਾਲਾ ਕਾਂਤਾ ਪ੍ਰਸਾਦ ਦੇ ਮੁਫਲਿਸੀ ਦੀ ਕਥਾ ਸੁਣ ਕੇ ਨਾ ਸਿਰਫ ਉਨ੍ਹਾਂ ਦੇ ਢਾਬੇ ‘ਤੇ ਖਾਣਾ ਖਾਣ ਲਈ ਆ ਰਹੇ ਸਨ, ਬਲਕਿ ਡੋਨੇਸ਼ਨ ਨਾਲ ਮਦਦ ਵੀ ਕੀਤੀ ਸੀ। ਹੁਣ ਇਹ ਢਾਬਾ ਚਲਾਉਣ ਵਾਲੇ ਕਾਂਤਾ ਪ੍ਰਸਾਦ ਨੇ ਸੋਸ਼ਲ ਮੀਡੀਆ ‘ਤੇ ਬਾਬਾ ਕਾ ਢਾਬਾ ਨੂੰ ਲਾਈਮਲਾਈਟ ਵਿੱਚ ਲਿਆਉਣ ਵਾਲੇ ਯੂ-ਟਿਊਬਰ ਖ਼ਿਲਾਫ਼ ਪੈਸੇ ਦੀ ਹੇਰਾਫੇਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ।
ਦਰਅਸਲ, ਯੂ-ਟਿਊਬਰ ਗੌਰਵ ਵਸਾਨ ਨੇ 7 ਅਕਤੂਬਰ ਨੂੰ ਬਾਬਾ ਕਾ ਢਾਬਾ ਦਾ ਇੱਕ ਵੀਡੀਓ ਆਪਣੇ ਯੂ-ਟਿਊਬ ਚੈਨਲ ਅਤੇ ਫੇਸਬੁੱਕ ‘ਤੇ ਅਪਲੋਡ ਕੀਤੀ ਸੀ ਅਤੇ ਲੋਕਾਂ ਨੂੰ ਬਜ਼ੁਰਗ ਜੋੜੇ ਦੀ ਮਦਦ ਕਰਨ ਦੀ ਅਪੀਲ ਕੀਤੀ ਸੀ । ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਖਾਣਾ ਖਾਣ ਲਈ ਦੂਰੋਂ-ਦੂਰੋਂ ਆਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਬਜ਼ੁਰਗ ਜੋੜਾ ਦਾ ਕਾਰੋਬਾਰ ਚੱਲ ਪਿਆ, ਜੋ ਕੋਰੋਨਾ ਵਾਇਰਸ ਲਾਕਡਾਊਨ ਕਾਰਨ ਠੱਪ ਹੋਇਆ ਸੀ। ਲੋਕਾਂ ਨੇ ਢਾਬਾ ਚਲਾਉਣ ਵਾਲੇ ਕਾਂਤਾ ਪ੍ਰਸਾਦ ਦੀ ਮਦਦ ਲਈ ਪੈਸੇ ਵੀ ਦਾਨ ਕੀਤੇ ਸਨ।
ਕੀ ਹੈ ਸ਼ਿਕਾਇਤ?
ਮਿਲੀ ਜਾਣਕਾਰੀ ਅਨੁਸਾਰ ਕਾਂਤਾ ਪ੍ਰਸਾਦ ਨੇ ਐਤਵਾਰ ਨੂੰ ਯੂ-ਟਿਊਬਰ ਗੌਰਵ ਵਸਾਨ ਦੇ ਖ਼ਿਲਾਫ਼ ਮਾਲਵੀਆ ਨਗਰ ਥਾਣੇ ਵਿੱਚ ਇੱਕ ਰਿਪੋਰਟ ਲਿਖਵਾਈ ਹੈ, ਜਿਸ ‘ਤੇ ਦਾਨ ਦੇ ਪੈਸੇ ਦੀ ਦੁਰਵਰਤੋਂ ਅਤੇ ਹੇਰਾਫੇਰੀ ਦਾ ਦੋਸ਼ ਲਗਾਇਆ ਗਿਆ ਹੈ । ਆਪਣੀ ਸ਼ਿਕਾਇਤ ਵਿੱਚ ਕਾਂਤਾ ਪ੍ਰਸਾਦ ਕਹਿੰਦੇ ਹਨ, ‘ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਤੱਕ ਮੈਨੂੰ ਸਿਰਫ 2 ਲੱਖ ਰੁਪਏ ਦਾ ਚੈੱਕ ਮਿਲਿਆ ਹੈ । ਹੁਣ ਢਾਬੇ ‘ਤੇ ਜ਼ਿਆਦਾ ਗਾਹਕ ਵੀ ਨਹੀਂ ਆ ਰਹੇ ਹਨ। ਜ਼ਿਆਦਾਤਰ ਲੋਕ ਇੱਥੇ ਸੈਲਫੀ ਖਿੱਚਣ ਲਈ ਇੱਥੇ ਆਉਂਦੇ ਹਨ। ਪਹਿਲੇ ਇੱਕ ਦਿਨ ਵਿੱਚ 10 ਹਜ਼ਾਰ ਦੀ ਕਮਾਈ ਹੋ ਜਾਂਦੀ ਸੀ। ਹੁਣ ਸਿਰਫ 3 ਹਜ਼ਾਰ ਤੋਂ 5 ਹਜ਼ਾਰ ਹੀ ਬਾਹਰ ਨਿਕਲ ਰਹੇ ਹਨ। ਵਿਕਰੀ ਫਿਰ ਘੱਟ ਹੋ ਗਈ ਹੈ। ਕਾਂਤਾ ਪ੍ਰਸਾਦ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ, ‘ਗੌਰਵ ਵਸਾਨ ਉਨ੍ਹਾਂ ਦੇ ਬੈਂਕ ਵੇਰਵੇ ਸਾਂਝੇ ਕਰਕੇ ਦਾਨ ਲੈ ਰਿਹਾ ਹੈ ਅਤੇ ਉਸ ਨਾਲ ਹੇਰਾਫੇਰੀ ਕਰ ਰਿਹਾ ਹੈ। ਉੱਥੇ ਹੀ ਯੂ-ਟਿਊਬਰ ਗੌਰਵ ਵਸਾਨ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦਾਨ ਦੀ ਸਾਰੀ ਰਕਮ ਕਾਂਤਾ ਪ੍ਰਸਾਦ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਹੈ।
ਗੌਰਵ ਵਸਾਨ ਅਨੁਸਾਰ, ‘ਜਦੋਂ ਮੈਂ ਬਾਬੇ ਦੇ ਢਾਬੇ ਦੀ ਵੀਡੀਓ ਸ਼ੂਟ ਕੀਤੀ, ਮੈਨੂੰ ਪਤਾ ਨਹੀਂ ਸੀ ਕਿ ਇਹ ਇੰਨਾ ਵਾਇਰਲ ਹੋ ਜਾਵੇਗਾ । ਮੈਂ ਨਹੀਂ ਚਾਹੁੰਦਾ ਸੀ ਕਿ ਲੋਕ ਬਾਬਾ ਕਾਂਤਾ ਪ੍ਰਸਾਦ ਨੂੰ ਪਰੇਸ਼ਾਨ ਕਰਨ। ਇਸ ਲਈ ਮੈਂ ਦਾਨ ਲਈ ਆਪਣੇ ਬੈਂਕ ਵੇਰਵੇ ਦਿੱਤੇ। ਵਸਾਨ ਨੇ ਤਿੰਨ ਲੈਣ-ਦੇਣ ਦੀ ਰਸੀਦ ਵੀ ਸਾਂਝੀ ਕੀਤੀ । ਤਿੰਨੋਂ 27 ਅਕਤੂਬਰ ਦੀਆਂ ਸਨ। ਇਸ ਵਿੱਚ ਦੋ ਚੈੱਕ 1 ਲੱਖ ਰੁਪਏ ਅਤੇ 2 ਲੱਖ 33 ਹਜ਼ਾਰ ਰੁਪਏ ਦੇ ਸਨ, ਜਦੋਂਕਿ ਤੀਜੀ ਅਦਾਇਗੀ 45 ਹਜ਼ਾਰ ਰੁਪਏ ਸੀ । ਵਸਾਨ ਅਨੁਸਾਰ ਸਾਰੀ ਰਕਮ ਤਿੰਨ ਦਿਨਾਂ ਵਿੱਚ ਬਾਬੇ ਦੇ ਖਾਤੇ ਵਿੱਚ ਟਰਾਂਸਫਰ ਹੋ ਗਈ।