ਯੋਗ ਗੁਰੂ ਬਾਬਾ ਰਾਮਦੇਵ ਨੇ ਮਹਾਰਾਸ਼ਟਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਮਹਿਲਾਵਾਂ ‘ਤੇ ਆਪਣੀ ਕਥਿਤ ਟਿੱਪਣੀ ਦੇ ਲਈ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮਹਿਲਾਵਾਂ ‘ਤੇ ਕੀਤੀ ਗਈ ਉਨ੍ਹਾਂ ਦੀ ਟਿੱਪਣੀ ਨੂੰ ਢੰਗ ਨਾਲ ਪੇਸ਼ ਕੀਤਾ ਗਿਆ। ਬਾਬਾ ਰਾਮਦੇਵ ਨੇ ਕਿਹਾ ਕਿ ਮੈਂ ਹਮੇਸ਼ਾਂ ਬੇਟੀ ਬਚਾਓ, ਬੇਟੀ ਪੜ੍ਹਾਓ’ ਵਰਗੀ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾਂ ਇਨ੍ਹਾਂ ਨੀਤੀਆਂ ਦੇ ਵਿਕਾਸ ਦੇ ਲਈ ਕਈ ਸੰਗਠਨਾਂ ਦੇ ਨਾਲ ਮਿਲ ਕੇ ਕੰਮ ਕੀਤਾ ਹੈ। ਮੈਂ ਸਪੱਸ਼ਟ ਰੂਪ ਨਾਲ ਕਹਿੰਦਾ ਹਾਂ ਕਿ ਮੈਂ ਕਿਸੇ ਮਹਿਲਾ ਦਾ ਅਪਮਾਨ ਨਹੀਂ ਕੀਤਾ ਹੈ ਅਤੇ ਨਾ ਹੀ ਅਜਿਹਾ ਕਰਨ ਦਾ ਮੇਰਾ ਕੋਈ ਇਰਾਦਾ ਸੀ।
ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਮਹਿਲਾ ਸਸ਼ਕਤੀਕਰਨ ਥੀਮ ‘ਤੇ ਅਧਾਰਿਤ ਸੀ ਅਤੇ ਉਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਭਾਸ਼ਣ ਦਿੱਤੇ। ਜਿਸ ਵਿੱਚ ਮਹਿਲਾਵਾਂ ਦੇ ਪੱਖ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ, ਪਰ ਉਨ੍ਹਾਂ ਦੇ ਲਈ ਕੁਝ ਸੈਕਿੰਡ ਦੀਆਂ ਟਿੱਪਣੀਆਂ ‘ਤੇ ਵੀਡੀਓ ਕਲਿੱਪ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਬਾਬਾ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਮਾਂ ਤੇ ਮਾਤ-ਸ਼ਕਤੀ ਦੇ ਲਈ ਬਹੁਤ ਜ਼ਿਆਦਾ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਮੇਰੀ ਟਿੱਪਣੀ ਨਾਲ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਇਸਦੀ ਖੇਦ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦੇ ਲਈ ਮੁਆਫ਼ੀ ਮੰਗਦਾ ਹਾਂ।
ਦੱਸ ਦੇਈਏ ਕਿ ਇੱਕ ਯੋਗਾ ਸਿਖਲਾਈ ਪ੍ਰੋਗਰਾਮ ਵਿੱਚ ਬਾਬਾ ਰਾਮਦੇਵ ਨੇ ਕਿਹਾ ਸੀ ਕਿ ਔਰਤਾਂ ਸਾੜ੍ਹੀਆਂ ਵਿੱਚ ਚੰਗੀਆਂ ਲੱਗਦੀਆਂ ਹਨ, ਉਹ ਸਲਵਾਰ ਸੂਟ ਵਿੱਚ ਵੀ ਚੰਗੀਆਂ ਲੱਗਦੀਆਂ ਹਨ ਤੇ ਮੇਰੇ ਹਿਸਾਬ ਨਾਲ ਉਹ ਬਿਨ੍ਹਾਂ ਕੁਝ ਪਹਿਨੇ ਵੀ ਚੰਗੀਆਂ ਲੱਗਦੀਆਂ ਹਨ। ਰਾਮਦੇਵ ਦੇ ਇਸ ਬਿਆਨ ’ਤੇ ਸਿਆਸੀ, ਸਮਾਜਿਕ ਖੇਤਰ ਤੋਂ ਇਲਾਵਾ ਔਰਤਾਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਸੀ। ਇਸ ਸਬੰਧੀ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਅਤੇ ਸ਼ਨਿਚਰਵਾਰ ਨੂੰ ਇਸ ਨੇ ਯੋਗ ਗੁਰੂ ਰਾਮਦੇਵ ਨੂੰ ਨੋਟਿਸ ਜਾਰੀ ਕਰ ਕੇ ਦੋ ਦਿਨਾਂ ਦੇ ਅੰਦਰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: