babri masjid demolition case: ਆਖਰਕਾਰ 28 ਸਾਲ ਪੁਰਾਣੇ ਬਾਬਰੀ ਮਸਜ਼ਿਦ ਨੂੰ ਢਾਹੁਣ ਦੇ ਕੇਸ ਵਿੱਚ ਅੱਜ ਫੈਸਲਾ ਆ ਗਿਆ ਹੈ। ਲਖਨਊ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਸ ਕੇਸ ਵਿੱਚ ਫੈਸਲਾ ਸੁਣਾਉਂਦਿਆਂ ਅਡਵਾਨੀ, ਜੋਸ਼ੀ, ਉਮਾ, ਕਲਿਆਣ, ਨ੍ਰਿਤਿਆਗੋਪਾਲ ਦਾਸ ਸਣੇ ਸਾਰੇ 32 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਬਾਬਰੀ ਮਸਜ਼ਿਦ ਢਾਹੇ ਜਾਣ ਦੀ ਯੋਜਨਾ ਨਹੀਂ ਸੀ। ਅਦਾਲਤ ਨੇ ਕਿਹਾ ਕਿ ‘ਅਰਾਜਕ ਤੱਤਾਂ ਨੇ ਢਾਂਚਾ ਢਾਹਿਆ ਸੀ ਅਤੇ ਦੋਸ਼ੀ ਨੇਤਾਵਾਂ ਨੇ ਇਨ੍ਹਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਹਾਈ-ਪ੍ਰੋਫਾਈਲ ਕੇਸ ਵਿੱਚ, ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਕਲਿਆਣ ਸਿੰਘ ਸ਼ਾਮਿਲ ਸਨ।
ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਕੇਸ ਦੀ ਚਾਰਜਸ਼ੀਟ ਵਿੱਚ ਭਾਜਪਾ ਦੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ ਸਣੇ 49 ਲੋਕਾਂ ਦੇ ਨਾਮ ਸ਼ਾਮਿਲ ਹਨ। ਜਿਨ੍ਹਾਂ ਵਿੱਚੋਂ 17 ਲੋਕਾਂ ਦੀ ਮੌਤ ਹੋ ਚੁੱਕੀ ਹੈ, ਬਾਕੀ 32 ਮੁਲਜ਼ਮਾਂ ਨੂੰ ਅਦਾਲਤ ਨੇ ਹਾਜ਼ਰ ਰਹਿਣ ਲਈ ਕਿਹਾ ਸੀ ਪਰ ਸਿਰਫ 26 ਮੁਲਜ਼ਮ ਅਦਾਲਤ ਵਿੱਚ ਪਹੁੰਚੇ ਸਨ। ਅਡਵਾਨੀ ਅਤੇ ਜੋਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਿਲ ਹੋਏ ਸਨ।