ਸ਼ਨੀਵਾਰ ਦਾ ਦਿਨ ਜਿੱਥੇ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਦਿਨ ਸਾਬਿਤ ਹੋ ਰਿਹਾ ਹੈ, ਉੱਥੇ ਹੀ ਹੁਣ ਬੰਗਾਲ ਦੀ ਸਿਆਸਤ ਵਿੱਚ ਵੀ ਇੱਕ ਵੱਡਾ ਉਲਟਫੇਰ ਹੋਇਆ ਹੈ। ਦਰਅਸਲ ਬੰਗਾਲ ਵਿੱਚ ਭਾਜਪਾ ਨੂੰ ਇੱਕ ਵੱਡਾ ਝੱਟਕਾ ਲੱਗਿਆ ਹੈ।
ਬੰਗਾਲ ਵਿੱਚ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪਰੀਓ ਨੇ ਭਾਜਪਾ ਨੂੰ ਵੱਡਾ ਝੱਟਕਾ ਦਿੱਤਾ ਹੈ। ਸੁਪ੍ਰਿਯੋ ਸ਼ਨੀਵਾਰ ਨੂੰ ਟੀਐਮਸੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਅਤੇ ਪਾਰਟੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਦੀ ਮੌਜੂਦਗੀ ਵਿੱਚ ਤ੍ਰਿਣਮੂਲ ਵਿੱਚ ਸ਼ਾਮਿਲ ਹੋਏ ਹਨ। ਕੇਂਦਰੀ ਮੰਤਰੀ ਮੰਡਲ ਵਿੱਚ ਹਾਲ ਹੀ ਵਿੱਚ ਹੋਏ ਵੱਡੇ ਫੇਰਬਦਲ ਦੌਰਾਨ ਬਾਬੁਲ ਸੁਪਰੀਓ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸੁਪਰੀਓ ਬੰਗਾਲ ਦੀ ਆਸਨਸੋਲ ਸੀਟ ਤੋਂ ਸੰਸਦ ਮੈਂਬਰ ਹਨ। ਸੁਪ੍ਰਿਯੋ ਅਜਿਹੇ ਸਮੇਂ ਤ੍ਰਿਣਮੂਲ ਵਿੱਚ ਸ਼ਾਮਿਲ ਹੋਏ ਹਨ ਜਦੋਂ ਕੋਲਕਾਤਾ ਦੀ ਭਵਾਨੀਪੁਰ ਸੀਟ ਤੋਂ ਵਿਧਾਨ ਸਭਾ ਉਪ ਚੋਣ ਹੋ ਰਹੀ ਹੈ, ਜਿੱਥੋਂ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਉਮੀਦਵਾਰ ਹਨ। ਹਾਲ ਹੀ ਵਿੱਚ, ਭਾਜਪਾ ਦੇ ਚਾਰ ਵਿਧਾਇਕ ਪਹਿਲਾਂ ਹੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ।
ਸੁਪਰੀਓ ਪੱਛਮੀ ਬੰਗਾਲ ਚੋਣਾਂ ਤੋਂ ਹੀ ਭਾਜਪਾ ਤੋਂ ਨਾਰਾਜ਼ ਸਨ। ਬਾਬੁਲ ਸੁਪਰੀਓ ਨੇ ਕੁੱਝ ਸਮਾਂ ਪਹਿਲਾਂ ਇੱਕ ਪੋਸਟ ਲਿਖ ਕੇ ਕਿਹਾ ਸੀ ਕਿ ਉਹ ਰਾਜਨੀਤੀ ਛੱਡ ਦੇਣਗੇ ਅਤੇ ਅਚਾਨਕ ਉਹ ਹੁਣ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਇਸ ਨੂੰ ਭਾਜਪਾ ਲਈ ਵੱਡਾ ਝੱਟਕਾ ਮੰਨਿਆ ਜਾ ਰਿਹਾ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੇ ਕਈ ਵੱਡੇ ਨੇਤਾਵਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਹੁਣ ਉਨ੍ਹਾਂ ਨੇਤਾਵਾਂ ਵਿੱਚ ਬਾਬੁਲ ਸੁਪਰੀਓ ਦਾ ਨਾਂ ਵੀ ਜੁੜ ਗਿਆ ਹੈ।