ਈਡੀ ਵੱਲੋਂ ‘ਆਪ’ ਸਾਂਸਦ ਸੰਜੇ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਸੰਜੇ ਸਿੰਘ ਦੀ ਗ੍ਰਿਫਤਾਰੀ ਬਿਲਕੁਲ ਗੈਰ-ਕਾਨੂੰਨੀ ਹੈ। ਇਹ ਮੋਦੀ ਜੀ ਦੀ ਬੌਖਲਾਹਟ ਦਰਸਾਉਂਦਾ ਹੈ। ਚੋਣਾਂ ਤੱਕ ਇਹ ਹੋਰ ਵਿਰੋਧੀ ਨੇਤਾਵਾਂ ਨੂੰ ਗ੍ਰਿਫਤਾਰ ਕਰਨਗੇ।’
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੰਜੇ ਸਿੰਘ ਦੀ ਗ੍ਰਿਫਤਾਰੀ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਥੇ ਜਨਤਾ ਸਾਥ ਨਾ ਦੇਵੇ ਉਥੇ ਈਡੀ ਜ਼ਰੀਏ ਡਰਾਉਣਾ ਮੋਦੀ ਜੀ ਦੀ ਫਿਤਰਤ ਬਣ ਗਈ ਹੈ… ਪਰ ਅਸੀਂ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਹਾਂ ਡਰਨ ਵਾਲੇ ਨਹੀਂ… ਸੰਜੇ ਸਿੰਘ ਜ਼ਿੰਦਾਬਾਦ।
ਦੱਸ ਦੇਈਏ ਕਿ ਲਗਭਗ 7-8 ਅਧਿਕਾਰੀ ਆਬਕਾਰੀ ਨੀਤੀ ਕੇਸ ਦੇ ਸਿਲਸਿਲੇ ਵਿਚ ਛਾਣਬੀਣ ਕਰ ਰਹੇ ਸਨ। ਆਬਕਾਰੀ ਨੀਤੀ ਕੇਸ ਦੀ ਚਾਰਜਸ਼ੀਟ ਵਿਚ ਸੰਜੇ ਸਿੰਘ ਦਾ ਨਾਂ ਵੀ ਹਨ। ਇਕ ਕੇਸ ਵਿਚ ਮਨੀਸ਼ ਸਿਸੋਦੀਆ ਜੇਲ੍ਹ ਵਿਚ ਹਨ।
ਇਹ ਵੀ ਪੜ੍ਹੋ : ਔਰਤਾਂ ਨੂੰ ਮੋਦੀ ਸਰਕਾਰ ਦਾ ਤੋਹਫਾ, ਹੁਣ ਉਜਵਲਾ ਲਾਭਪਾਤਰੀਆਂ ਨੂੰ 600 ਰੁਪਏ ‘ਚ ਮਿਲੇਗਾ ਗੈਸ ਸਿਲੰਡਰ
ਈਡੀ ਦੀ ਕਾਰਵਾਈ ਨੂੰ ਲੈ ਕੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਕੇਸ ਵਿਚ 1000 ਰੇਡ ਪੈ ਚੁੱਕੀ ਹੈ। ਸੰਜੇ ਸਿੰਘ ਦੇ ਘਰ ‘ਤੇ ਕੁਝ ਨਹੀਂ ਮਿਲੇਗਾ। 2024 ਦੀਆਂ ਚੋਣਾਂ ਆ ਰਹੀਆਂ ਹਨ ਤੇ ਉਹ ਜਾਣਦੇ ਹਨ ਕਿ ਉਹ ਹਾਰਨਗੇ। ਜਿਵੇਂ ਜਿਵੇਂ ਚੋਣਾਂ ਨੇੜੇ ਆਉਣਗੀਆਂ। ਈਡੀ, ਸੀਬੀਆਈ ਹੋਰ ਏਜੰਸੀਆਂ ਸਰਗਰਮ ਹੋ ਜਾਣਗੀਆਂ।