Bharat Bandh LIVE Updates: ਖੇਤੀਬਾੜੀ ਕਾਨੂੰਨਾਂ ਖਿਲਾਫ ਅੱਜ ਭਾਰਤ ਬੰਦ ਹੈ। ਦਿੱਲੀ ਤੋਂ ਲੈ ਕੇ ਬੰਗਾਲ ਅਤੇ ਯੂਪੀ ਤੋਂ ਕਰਨਾਟਕ ਤੱਕ ਭਾਰਤ ਬੰਦ ਦਾ ਅਸਰ ਦਿਖਾਈ ਦੇ ਰਿਹਾ ਹੈ । ਕਈ ਰਾਜਨੀਤਿਕ ਪਾਰਟੀਆਂ ਇਸ ਬੰਦ ਦੇ ਸਮਰਥਨ ਵਿੱਚ ਹਨ ਅਤੇ ਸੜਕਾਂ ‘ਤੇ ਉਤਰ ਗਈਆਂ ਹਨ । ਦਿੱਲੀ ਵਿੱਚ ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਹੈ।
ਉੱਥੇ ਹੀ ਦੂਜੇ ਪਾਸੇ ਭਾਰਤ ਬੰਦ ਦਾ ਅਸਰ ਹੁਣ ਦੇਸ਼ ਦੇ ਕਈ ਰਾਜਾਂ ਵਿੱਚ ਦਿਖਾਈ ਦੇ ਰਿਹਾ ਹੈ। ਰਾਜਸਥਾਨ ਦੇ ਜੈਪੁਰ ਵਿੱਚ ਇਸ ਦੌਰਾਨ ਭਾਜਪਾ ਅਤੇ ਕਾਂਗਰਸੀ ਵਰਕਰ ਇੱਕ-ਦੂਜੇ ਦੇ ਸਾਹਮਣੇ ਆਏ । ਜੈਪੁਰ ਦੇ ਭਾਜਪਾ ਦਫ਼ਤਰ ਦੇ ਬਾਹਰ ਭਾਜਪਾ-ਕਾਂਗਰਸ ਵਰਕਰਾਂ ਵਿੱਚ ਪੱਥਰਬਾਜ਼ੀ ਹੋ ਗਈ । ਦਿੱਲੀ ਦੇ ਗਾਜੀਪੁਰ ਬਾਰਡਰ ‘ਤੇ ਹੁਣ ਮਹਿਲਾ ਕਿਸਾਨਾਂ ਨੇ ਮੋਰਚਾ ਸੰਭਾਲ ਲਿਆ ਹੈ । ਭਾਰਤੀ ਕਿਸਾਨ ਯੂਨੀਅਨ ਦੀ ਸਟੇਟ ਮਹਿਲਾ ਵਿੰਗ ਨੇ ਇੱਥੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਤਿੰਨੋਂ ਕਾਨੂੰਨ ਵਾਪਸ ਲੈਣੇ ਪੈਣਗੇ।
ਇਸ ਤੋਂ ਇਲਾਵਾ ਕਿਸਾਨਾਂ ਨੇ ਗਾਜੀਪੁਰ ਬਾਰਡਰ ਦੇ ਨੇੜੇ ਵੀ ਚੱਕਾ ਜਾਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬੰਗਾਲ ਵਿਚ ਬਹੁਤ ਸਾਰੀਆਂ ਟ੍ਰੇਨਾਂ ਵੀ ਪ੍ਰਭਾਵਿਤ ਹੋਈਆਂ ਹਨ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿੱਲੀ ਦੇ ਦੀਨਦਿਆਲ ਉਪਾਧਿਆ ਮਾਰਗ ਨੂੰ ਬਲਾਕ ਕਰ ਦਿੱਤਾ ਹੈ, ਜਿਸ ਕਾਰਨ ਇੱਥੇ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਕਿਸਾਨਾਂ ਦੇ ਭਾਰਤ ਬੰਦ ਦੇ ਮੱਦੇਨਜ਼ਰ ਵੱਖ-ਵੱਖ ਰਾਜਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਬਿਹਾਰ ਵਿੱਚ ਸਖਤ ਸੁਰੱਖਿਆ ਹੈ ਅਤੇ ਕਾਨੂੰਨ ਵਿਵਸਥਾ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਦਿੱਲੀ ਦੀ ਸਿੰਘੂ ਸਰਹੱਦ ‘ਤੇ ਬੰਦ ਨੂੰ ਵੇਖਦੇ ਹੋਏ ਪੁਲਿਸ ਤਾਇਨਾਤ ਹੈ।