Bharatiya Kisan Union warns: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 24ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸ ਕਿਸਾਨ ਅੰਦੋਲਨ ਦੇ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਕਿਸਾਨ ਸ਼ਾਮਿਲ ਹਨ। ਇਸੇ ਵਿਚਾਲੇ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅਗਲੀ ‘ਕਿਸਾਨ ਕ੍ਰਾਂਤੀ’ ਦਾ ਹਿੱਸਾ ਬਣਨ ਲਈ ਕਿਹਾ ਹੈ । ਟਿਕੈਤ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਤਿੰਨ ਨਵੇਂ ਖੇਤੀਬਾੜੀ ਬਿੱਲਾਂ ‘ਤੇ ਚੱਲ ਰਹੇ ਅੰਦੋਲਨ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਕੋਈ ਹੱਲ ਨਹੀਂ ਲੱਭਦੀ ਤਾਂ ਕਿਸਾਨ ਇਸ ਮਸਲੇ ਦੇ ਹੱਲ ਲਈ ਆਪਣੇ ਤਰੀਕੇ ਨਾਲ ਕੰਮ ਕਰਨ ਲਈ ਮਜਬੂਰ ਹੋਣਗੇ।
ਟਿਕੈਤ ਯੂਪੀ ਗੇਟ ‘ਤੇ ਕਿਸਾਨਾਂ ਨੂੰ ਸੰਬੋਧਿਤ ਕਰ ਰਹੇ ਸਨ, ਜਿੱਥੇ ਪਿਛਲੇ 23 ਦਿਨਾਂ ਤੋਂ ਕਿਸਾਨ ਡਟੇ ਹੋਏ ਹਨ । ਇਸ ਦੌਰਾਨ ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਨਾਲ 6 ਦੌਰਾ ਦੀ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲਿਆ । ਉਨ੍ਹਾਂ ਕਿਹਾ ਕਿ ਹੁਣ ਜਾਂ ਤਾਂ ਸਰਕਾਰ ਇਸ ਸਮੱਸਿਆ ਦਾ ਕੋਈ ਹੱਲ ਲੱਭੇ ਜਾਂ ਫਿਰ ਸਾਨੂੰ ਹੱਲ ਕ੍ਰਾਂਤੀ ਕਰਨ ‘ਤੇ ਮਜਬੂਰ ਹੋਣਾ ਪਵੇਗਾ । ਇਹ ਕ੍ਰਾਂਤੀ ਦਿੱਲੀ ਦੇ ਦਿੱਲੀ ਤੱਕ ਹੋ ਕੇ ਜਾਵੇਗੀ।’
ਇਸ ਤੋਂ ਅੱਗੇ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਟਿਕੈਤ ਨੇ ਦੇਸ਼ ਭਰ ਦੀਆਂ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟਤਾ ਦਿਖਾਉਣ ਅਤੇ ਦਿੱਲੀ ਦੇ 4 ਬਾਰਡਰਾਂ (ਸਿੰਘੂ, ਟਿੱਕਰੀ, ਯੂਪੀ ਗੇਟ ਅਤੇ ਚਿੱਲਾ) ‘ਤੇ ਜਾਰੀ ਅੰਦੋਲਨ ਦਾ ਹਿੱਸਾ ਬਣਨ । ਟਿਕੈਤ ਨੇ ਕਿਹਾ, ‘ਹਰ ਕਿਸਾਨ ਨੂੰ ਹੁਣ ਆਪਣੇ ਘਰ ਤੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਆਪਣੇ ਖੇਤੀ ਸੰਦਾਂ ਨਾਲ ਸਾਡੇ ਅੰਦੋਲਨ ਦਾ ਹਿੱਸਾ ਬਣਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਮੈਂ ਸਾਰੀਆਂ ਛੋਟੀਆਂ ਅਤੇ ਵੱਡੀਆਂ ਕਿਸਾਨੀ ਯੂਨੀਅਨਾਂ ਨੂੰ ਕਹਿ ਰਿਹਾ ਹਾਂ ਕਿ ਉਹ ਦਿੱਲੀ ਦੇ ਬਾਰਡਰਾਂ ‘ਤੇ ਆਪਣੇ ਝੰਡੇ ਤੇ ਬੈਨਰਾਂ ਨਾਲ ਪਹੁੰਚਣ। ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।’