Bhiwandi building collapse: ਮੁੰਬਈ ਤੋਂ 60 ਕਿਲੋਮੀਟਰ ਦੂਰ ਉੱਤਰ ਵਿੱਚ ਵਸੇ ਪਾਵਰਲੂਮ ਸ਼ਹਿਰ ਭਿਵੰਡੀ ਵਿੱਚ ਸੋਮਵਾਰ ਤੜਕੇ ਤਿੰਨ ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ ਹੁਣ ਤੱਕ 20 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 20 ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਬਹੁਤ ਸਾਰੇ ਲੋਕ ਅਜੇ ਵੀ ਮਲਬੇ ਵਿੱਚ ਫਸੇ ਹੋਏ ਹਨ। ਉਨ੍ਹਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਮਾਰੇ ਗਏ ਲੋਕਾਂ ਵਿੱਚ 14 ਆਦਮੀ ਅਤੇ 6 ਔਰਤਾਂ ਸ਼ਾਮਿਲ ਹਨ। ਜ਼ਖਮੀਆਂ ਨੂੰ ਕਲਿਆਣ, ਡੋਂਬਿਵਲੀ, ਕਲਵਾ ਅਤੇ ਠਾਣੇ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ । ਇੱਕ ਬੱਚੇ ਸਮੇਤ 20 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ । ਇਸ ਦੇ ਨਾਲ ਹੀ ਇਸ ਹਾਦਸੇ ਵਿੱਚ 12 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਪਟੇਲ ਕੰਪਾਉਂਡ ਵਿਖੇ 46 ਸਾਲ ਪੁਰਾਣੀ ਜਿਲਾਨੀ ਬਿਲਡਿੰਗ ਦੀ ਹਾਲਤ ਬਹੁਤ ਮਾੜੀ ਸੀ । ਸੋਮਵਾਰ ਸਵੇਰੇ ਕਰੀਬ 3.45 ਵਜੇ ਅਚਾਨਕ ਉਹ ਢਹਿ ਗਈ। ਇਸ ਘਟਨਾ ਦੌਰਾਨ ਸਾਰੇ ਪੀੜਤ ਸੁੱਤੇ ਪਏ ਸਨ । ਸਥਾਨਕ ਲੋਕਾਂ ਨੇ ਦੱਸਿਆ ਕਿ ਇਮਾਰਤ ਦੀ ਮਾੜੀ ਹਾਲਤ ਸੀ ਅਤੇ ਭਿਵੰਡੀ-ਨਿਜਾਮਪੁਰ ਨਗਰ ਨਿਗਮ ਵੱਲੋਂ ਇਸ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਪਰ ਲੋਕਾਂ ਨੇ ਇਸ ਨੂੰ ਅਣਦੇਖਾ ਕਰ ਦਿੱਤਾ।
ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ 7 ਵਜੇ ਤੱਕ ਤਕਰੀਬਨ 20 ਲੋਕਾਂ ਨੂੰ ਬਚਾ ਲਿਆ ਗਿਆ, ਜਦੋਂ ਕਿ ਬਹੁਤ ਸਾਰੇ ਲੋਕਾਂ ਦੇ ਅਜੇ ਵੀ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ। ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਦੀ ਟੀਮ ਬਚਾਅ ਕਾਰਜ ਚਲਾ ਰਹੀ ਹੈ।