Bihar Ambulance Accident: ਬਿਹਾਰ: ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ਸੋਮਵਾਰ ਤੜਕੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਐਂਬੂਲੈਂਸ ਸੜਕ ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਹਾਦਸੇ ਵਿੱਚ ਐਂਬੂਲੈਂਸ ਦੇ ਪਰਖੱਚੇ ਹੀ ਉੱਡ ਗਏ। ਇਸ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖਮੀ ਹੋ ਗਏ ਹਨ। ਇਸ ਹਾਦਸੇ ਵਿੱਚ ਜ਼ਖਮੀ ਹਏ ਲੋਕਾਂ ਅਨੁਸਾਰ ਐਂਬੂਲੈਂਸ ਚਾਲਕ ਨਸ਼ੇ ਵਿੱਚ ਤੇਜ਼ੀ ਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਸਨੂੰ ਇਸ ਬਾਰੇ ਕਿਹਾ ਵੀ ਪਰ ਉਸਨੇ ਨਾ ਮੰਨੀ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੋਕ ਆਪਣੇ ਪਰਿਵਾਰ ਦੀ ਜ਼ਖਮੀ ਹੋਈ ਮਹਿਲਾ ਨੂੰ ਹਸਪਤਾਲ ਲਿਜਾ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਐਂਬੂਲੈਂਸ ਵਿੱਚ ਸਵਾਰ ਜ਼ਖਮੀ ਮਰੀਜ਼ ਸ਼ੋਭਾ ਦੇਵੀ, ਉਸ ਦੇ ਪਤੀ ਵੀਰੂ ਪਾਸਵਾਨ, ਸੁਦਾਮਾ ਪਾਸਵਾਨ ਅਤੇ ਆਸ਼ਾ ਦੇਵੀ ਦੀ ਮੌਕੇ ‘ਤੇ ਮੌਤ ਹੋ ਗਈ । ਜਦਕਿ ਇਸ ਹਾਦਸੇ ਵਿੱਚ ਐਂਬੂਲੈਂਸ ਵਿੱਚ ਸਵਾਰ ਬਾਲੇਸ਼ਵਰ ਪਾਸਵਾਨ, ਸਰਿਤਾ ਦੇਵੀ ਅਤੇ ਸੰਸਾਰ ਦੇਵੀ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹਗੁਣਚ ਕੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ।
ਇਸ ਘਟਨਾ ਸਬੰਧੀ ਥਾਣਾ ਇੰਚਾਰਜ ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਚਾਂਦੀ ਪੁਲਸ ਥਾਣਾ ਖੇਤਰ ਦੇ ਗੌਰਾ ਪਾਰ ਖੇਤਰ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਚਾਲਕ ਕੋਲੋਂ ਐਂਬੂਲੈਂਸ ਬੇਕਾਬੂ ਹੋ ਗਈ, ਜਿਸ ਤੋਂ ਬਾਅਦ ਇਹ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਪਰਿਵਾਰ ਦੇ ਹੀ ਤਿੰਨ ਹੋਰ ਮੈਂਬਰਾਂ ਨੂੰ ਚਾਂਦੀ ਸਿਹਤ ਕੇਂਦਰ ਵਿੱਚ ਦਾਖ਼ਲ ਕੀਤਾ ਗਿਆ ਹੈ ।