Bihar Assembly Election 2020: ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਖਾਸ ਗੱਲ ਹੈ ਕਿ ਕੋਰੋਨਾ ਦੇ ਕਾਰਨ ਇਸ ਵਾਰ ਆਨਲਾਈਨ ਨਾਮਜ਼ਦਗੀਆਂ ਵੀ ਉਪਲਬਧ ਹੋਣਗੀਆਂ, ਪਰ ਉਮੀਦਵਾਰਾਂ ਨੂੰ ਨਾਮਜ਼ਦਗੀ ਦਾ ਪ੍ਰਿੰਟਆਉਟ ਜਮ੍ਹਾ ਕਰਨਾ ਪਵੇਗਾ। ਆਫਲਾਈਨ ਨਾਮਜ਼ਦਗੀ ਦੀ ਸਹੂਲਤ ਪਹਿਲਾਂ ਦੀ ਤਰ੍ਹਾਂ ਉਪਲਬਧ ਹੋਵੇਗੀ।
ਚੋਣ ਪ੍ਰਚਾਰ ਦੌਰਾਨ ਜਨਤਕ ਸਭਾਵਾਂ ਵਿੱਚ ਉਮੀਦਵਾਰਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਪਵੇਗੀ । ਨਾਮਜ਼ਦਗੀ ਦਾਖਲ ਕਰਨ ਲਈ ਉਮੀਦਵਾਰ ਦੇ ਨਾਲ ਦੋ ਵਿਅਕਤੀ ਜਾ ਸਕਦੇ ਹਨ। ਉਮੀਦਵਾਰ ਦੇ ਮਿਲਾ ਕੇ 5 ਲੋਕ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਸਕਦੇ ਹਨ। ਨਾਮਜ਼ਦਗੀ ਲਈ ਉਮੀਦਵਾਰ 2 ਤੋਂ ਵੱਧ ਗੱਡੀਆਂ ਦੀ ਵਰਤੋਂ ਨਹੀਂ ਕਰ ਸਕਣਗੇ। ਚੋਣ ਕਮਿਸ਼ਨ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਫਿਰਕੂ ਤਣਾਅ ਅਤੇ ਗੜਬੜ ਫੈਲਾਉਣ ਲਈ ਕਰਨ ‘ਤੇ ਉਸਦੇ ਨਤੀਜੇ ਭੁਗਤਣੇ ਪੈਣਗੇ। ਜੋ ਲੋਕ ਨਫ਼ਰਤ ਭਰੇ ਭਾਸ਼ਣ ਦਿੰਦੇ ਹਨ, ਉਨ੍ਹਾਂ ਨਾਲ ਵੀ ਸਖਤੀ ਨਾਲ ਪੇਸ਼ ਆਇਆ ਜਾਵੇਗਾ ।
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਬਿਹਾਰ ਵਿਧਾਨ ਸਭਾ ਚੋਣਾਂ ਕੁੱਲ ਤਿੰਨ ਪੜਾਵਾਂ ਵਿੱਚ ਹੋਣਗੀਆਂ। ਪਹਿਲੇ ਪੜਾਅ ਵਿੱਚ 16 ਜ਼ਿਲ੍ਹਿਆਂ ਦੇ 71 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਹੋਣਗੀਆਂ । ਦੂਜੇ ਪੜਾਅ ਵਿੱਚ ਕੁੱਲ 17 ਜ਼ਿਲ੍ਹਿਆਂ ਦੇ 94 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈਣੀਆਂ ਹਨ । ਤੀਜੇ ਪੜਾਅ ਵਿੱਚ 15 ਜ਼ਿਲ੍ਹਿਆਂ ਦੇ 78 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਹੋਵੇਗੀ । ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਲਈ ਨੋਟੀਫਿਕੇਸ਼ਨ 1 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਪਹਿਲੇ ਪੜਾਅ ਲਈ 28 ਅਕਤੂਬਰ, ਦੂਜੇ ਪੜਾਅ ਲਈ 3 ਨਵੰਬਰ ਅਤੇ ਤੀਜੇ ਪੜਾਅ ਲਈ 7 ਨਵੰਬਰ ਨੂੰ ਵੋਟਿੰਗ ਹੋਵੇਗੀ । ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਕੀਤੀ ਜਾਵੇਗੀ। ਵੋਟਿੰਗ ਦੇ ਪਹਿਲੇ ਪੜਾਅ ਵਿਚ ਤਕਰੀਬਨ 31,000 ਬੂਥਾਂ ਵਿੱਚ ਵੋਟਾਂ ਪਾਈਆਂ ਜਾਣਗੀਆਂ, ਦੂਜੇ ਪੜਾਅ ਵਿੱਚ 42,000 ਬੂਥਾਂ ਅਤੇ ਤੀਸਰੇ ਪੜਾਅ ਵਿੱਚ 33,000 ਬੂਥਾਂ ‘ਤੇ ਵੋਟਾਂ ਪੈਣਗੀਆਂ।
ਇਸ ਤੋਂ ਇਲਾਵਾ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰ ਕੇ ਦੱਸਿਆ ਕਿ ਕੋਰੋਨਾ ਕਾਲ ਕਾਰਨ ਬਿਹਾਰ ਵਿਧਾਨ ਸਭਾ ਚੋਣਾਂ ਪੂਰੀ ਸਾਵਧਾਨੀ ਨਾਲ ਕਰਵਾਈਆਂ ਜਾਣਗੀਆਂ । ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਉਣ ਲਈ ਇੱਕ ਘੰਟੇ ਦਾ ਸਮਾਂ ਵਧਾ ਦਿੱਤਾ ਹੈ। ਵੋਟਿੰਗ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੋਵੇਗੀ । ਹਾਲਾਂਕਿ ਇਹ ਸਹੂਲਤ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਉਪਲਬਧ ਨਹੀਂ ਹੋਵੇਗੀ।