Bihar Assembly Election Results 2020: ਬਿਹਾਰ ਦਾ ਬਿੱਗ ਬੌਸ ਕੌਣ ਬਣੇਗਾ, ਇਸ ਬਾਰੇ ਅੱਜ ਫੈਸਲਾ ਹੋਣ ਜਾ ਰਿਹਾ ਹੈ। ਤਿੰਨ ਪੜਾਅ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ ਅਤੇ ਪਤਾ ਲੱਗ ਜਾਵੇਗਾ ਕਿ ਬਿਹਾਰ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ । ਕੀ ਸੁਸ਼ਾਸਨ ਬਾਬੂ ਦੇ ਨਾਮ ਨਾਲ ਮਸ਼ਹੂਰ ਨਿਤਿਸ਼ ਕੁਮਾਰ ਆਪਣੀ ਸੱਤਾ ਬਚਾ ਪਾਉਣਗੇ ਜਾਂ ਬਿਹਾਰ ਵਿੱਚ ਇੱਕ ਨੌਜਵਾਨ ਨੇਤਾ ਵਜੋਂ ਉਭਰੇ ਤੇਜਸ਼ਵੀ ਯਾਦਵ ਇਤਿਹਾਸ ਰਚਣਗੇ? ਬਿਹਾਰ ਦੀਆਂ ਸਾਰੀਆਂ 243 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ।
ਦਰਅਸਲ, ਬਿਹਾਰ ਵਿੱਚ ਕੁੱਲ ਸੀਟਾਂ ਦੀ ਗਿਣਤੀ 243 ਹੈ ਅਤੇ ਬਹੁਮਤ ਲਈ 122 ਦੇ ਅੰਕੜੇ ਦੀ ਲੋੜ ਹੈ। ਚੋਣ ਕਮਿਸ਼ਨ ਵੱਲੋਂ ਰਾਜ ਦੇ ਸਾਰੇ 38 ਜ਼ਿਲ੍ਹਿਆਂ ਵਿੱਚ 55 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ । ਇਨ੍ਹਾਂ ਕੇਂਦਰਾਂ ‘ਤੇ ਸਵੇਰੇ ਅੱਠ ਵਜੇ ਤੋਂ ਵੋਟਾਂ ਦੀ ਗਿਣਤੀ ਇੱਕੋ ਸਮੇਂ ਸ਼ੁਰੂ ਹੋ ਜਾਵੇਗੀ । ਅੱਜ ਸਵੇਰੇ 9 ਵਜੇ ਤੋਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ, ਜਦੋਂਕਿ ਅਸਲ ਨਤੀਜੇ ਲਗਭਗ 3 ਵਜੇ ਤੋਂ ਆਉਣਗੇ । ਬਿਹਾਰ ਦੀਆਂ ਚੋਣਾਂ ਲਈ ਬਹੁਤੇ ਐਗਜ਼ਿਟ ਪੋਲ ਐਨਡੀਏ ਗਠਜੋੜ ਦੀ ਹਾਰ ਅਤੇ ਰਾਜਦ ਦੀ ਅਗਵਾਈ ਵਾਲੇ ਮਹਾਂਗਠਜੋੜ ਦੀ ਜਿੱਤ ਦੀ ਭਵਿੱਖਬਾਣੀ ਕਰਦੇ ਹਨ । ਜਦੋਂ ਨਤੀਜੇ ਸਾਹਮਣੇ ਆਉਣਗੇ ਤਾਂ ਉਦੋਂ ਹੀ ਪਤਾ ਲੱਗ ਸਕੇਗਾ ਕਿ ਐਗਜ਼ਿਟ ਪੋਲ ਨੇ ਕਿੰਨਾ ਸਹੀ ਸਾਬਿਤ ਹੋ ਪਾਇਆ ਹੈ। ਇੱਕ ਪਾਸੇ ਜਿੱਥੇ NDA ਵੱਲੋਂ ਨਿਤੀਸ਼ ਕੁਮਾਰ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹਨ ਦੂਜੇ ਪਾਸੇ ਤੇਜਸ਼ਵੀ ਯਾਦਵ ਮਹਾਂ ਗੱਠਜੋੜ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ।
ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਵਿੱਚ ਜੇਡੀਯੂ, ਹਿੰਦੁਸਤਾਨੀ ਆਵਾਮ ਮੋਰਚਾ, ਵਿਕਾਸ ਇੰਸਨ ਪਾਰਟੀ ਸ਼ਾਮਿਲ ਹਨ। ਕੇਂਦਰ ਵਿੱਚ ਐਨਡੀਏ ਦੀ ਸਹਿਯੋਗੀ ਲੋਕ ਜਨ ਸ਼ਕਤੀ ਪਾਰਟੀ (ਐਲਜੇਪੀ) ਇੱਥੇ ਅਲੱਗ ਹੋ ਕੇ ਚੋਣ ਮੈਦਾਨ ਵਿੱਚ ਹੈ। ਵਿਸ਼ਾਲ ਗੱਠਜੋੜ ਵਿੱਚ ਆਰਜੇਡੀ, ਕਾਂਗਰਸ ਅਤੇ ਵਾਮਪੰਥੀ ਪਾਰਟੀਆਂ ਸੀਪੀਆਈ, ਸੀਪੀਐਮ ਸ਼ਾਮਿਲ ਹਨ। ਇਸ ਤੋਂ ਇਲਾਵਾ ਗ੍ਰੈਂਡ ਡੈਮੋਕ੍ਰੇਟਿਕ ਸੈਕੂਲਰ ਫਰੰਟ (JDSF) ਵਿੱਚ ਰਾਸ਼ਟਰੀ ਲੋਕ ਸਮਤਾ ਪਾਰਟੀ (ਆਰਐਲਐਸਪੀ), ਬਹੁਜਨ ਸਮਾਜ ਪਾਰਟੀ (ਬਸਪਾ), ਆਲ ਇੰਡੀਆ ਮਜਲਿਸ ਏ ਇਤਹਾਦੁਲ ਮੁਸਲਿਮਿਨ, ਸਮਾਜਵਾਦੀ ਜਨਤਾ ਦਲ ਲੋਕਤੰਤਰਿਕ, ਸੁਹੇਲਦੇਵ ਭਾਰਤੀ ਸਮਾਜ ਪਾਰਟੀ ਅਤੇ ਜਨਵਾਦੀ ਪਾਰਟੀ (ਸਮਾਜਵਾਦੀ) ਸ਼ਾਮਿਲ ਹਨ।