Bihar elected leaders: ਹਾਲ ਹੀ ਵਿੱਚ ਬਿਹਾਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਹਨ ਅਤੇ ਇਨ੍ਹਾਂ ਚੋਣਾਂ ਦੇ ਵਿੱਚ ਭਾਜਪਾ ਅਤੇ ਜੇਡੀਯੂ ਦੀ ਅਗਵਾਈ ਵਾਲੀ ਐਨਡੀਏ ਨੇ ਬਹੁਮਤ ਦੇ ਜਾਦੂਈ ਅੰਕੜੇ ਨੂੰ ਪਾਰ ਕਰ ਲਿਆ ਹੈ। ਐਨਡੀਏ ਨੇ ਇਨ੍ਹਾਂ ਚੋਣਾਂ ਵਿੱਚ 125 ਸੀਟਾਂ ਜਿੱਤੀਆਂ ਹਨ। ਉਸੇ ਸਮੇਂ, ਕਾਂਗਰਸ ਅਤੇ ਆਰਜੇਡੀ ਦੀ ਅਗਵਾਈ ਵਾਲੇ ਮਹਾਂਗਠਜੋੜ ਨੇ ਐਨਡੀਏ ਨੂੰ ਸਖਤ ਟੱਕਰ ਦਿੱਤੀ ਹੈ। ਹਾਲਾਂਕਿ, ਮਹਾਂਗਠਜੋੜ ਸਿਰਫ 110 ਸੀਟਾਂ ਹੀ ਜਿੱਤ ਸਕਿਆ ਹੈ। ਪਰ ਇੱਥੇ ਇੱਕ ਹੈਰਾਨੀ ਜਨਕ ਗੱਲ ਇਹ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਚੁਣੇ ਗਏ ਘੱਟੋ ਘੱਟ 68 ਫ਼ੀਸਦੀ ਵਿਧਾਇਕ ਅਜਿਹੇ ਆਗੂ ਹਨ ਜਿਨ੍ਹਾਂ ਵਿਰੁੱਧ ਕੇਸ ਚੱਲ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਉੱਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਗਵਾ ਕਰਨ ਵਰਗੇ ਗੰਭੀਰ ਅਪਰਾਧਿਕ ਕੇਸ ਹਨ। ਇੱਥੇ ਇੱਕ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਿੱਛਲੀ ਵਾਰ ਦੇ ਮੁਕਾਬਲੇ ਇਸ ਵਾਰ ਅਪਰਾਧਿਕ ਅਕਸ ਵਾਲੇ ਚੁਣੇ ਗਏ ਨੇਤਾਵਾਂ ਵਿੱਚ ਵੀ 10 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਜਿੱਥੇ 2015 ਵਿੱਚ ਅਮੀਰ ਵਿਧਾਇਕਾਂ ਦੀ ਗਿਣਤੀ 123 ਸੀ, ਉਹ ਵੀ ਇਸ ਵਾਰ 194 ਹੋ ਗਈ ਹੈ। ਇਨ੍ਹਾਂ ਚੁਣੇ ਗਏ ਵਿਧਾਇਕਾਂ ਦੇ ਅੰਕੜੇ ਯਕੀਨਨ ਡਰਾਉਣੇ ਹਨ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ.) ਨੇ 243 ਵਿਧਾਇਕਾਂ ਦੇ ਸਵੈ-ਹਲਫੀਆ ਹਲਫੀਆ ਬਿਆਨ ਦੇ ਅਧਾਰ ਤੇ ਇਹ ਅੰਕੜੇ ਬੁੱਧਵਾਰ ਨੂੰ ਜਾਰੀ ਕੀਤੇ ਹਨ। ਹਾਲਾਂਕਿ, ਇੱਕ ਭਾਜਪਾ ਅਤੇ ਇੱਕ ਰਾਜਦ ਦੇ ਵਿਧਾਇਕਾਂ ਦੁਆਰਾ ਦਾਇਰ ਸਪੱਸ਼ਟ ਹਲਫਨਾਮੇ ਦੀ ਘਾਟ ਕਾਰਨ, ਉਨ੍ਹਾਂ ਦੇ ਅੰਕੜੇ ਨਹੀਂ ਮਿਲ ਸਕੇ ਹਨ।
ਜੇਕਰ ਪਾਰਟੀ ਦੇ ਅਨੁਸਾਰ ਵਿਧਾਇਕਾਂ ਦੀ ਗੱਲ ਕੀਤੀ ਜਾਵੇ RJD ਇਸ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਰਾਜਦ ਦੇ 74 ਵਿਧਾਇਕਾਂ ਵਿੱਚੋਂ 44 ਵਿਧਾਇਕਾਂ (73 ਫ਼ੀਸਦੀ) ਵਿਰੁੱਧ ਅਪਰਾਧਿਕ ਮਾਮਲੇ ਚੱਲ ਰਹੇ ਹਨ। ਭਾਜਪਾ ਦੇ 73 ਵਿਧਾਇਕਾਂ ਵਿੱਚੋਂ 47 (64 ਫ਼ੀਸਦੀ) ਵਿਰੁੱਧ ਅਪਰਾਧਿਕ ਮਾਮਲੇ ਚੱਲ ਰਹੇ ਹਨ। ਇਸ ਤਰ੍ਹਾਂ ਜੇਡੀਯੂ 43 ਵਿਧਾਇਕਾਂ ਵਿੱਚੋਂ 20 ਵਿਰੁੱਧ ਅਪਰਾਧਿਕ ਕੇਸ ਚੱਲ ਰਹੇ ਹਨ। ਜਦਕਿ 19 ਕਾਂਗਰਸੀ ਵਿਧਾਇਕਾਂ ਵਿੱਚੋਂ 10 ਵਿਰੁੱਧ ਕੇਸ ਚੱਲ ਰਹੇ ਹਨ। ਸੀਪੀਆਈ-ਐਮਐਲ ਦੇ 12 ਵਿਧਾਇਕਾਂ ਵਿੱਚੋਂ 8 ਵਿਰੁੱਧ ਕੇਸ ਚੱਲ ਰਹੇ ਹਨ, ਜਦਕਿ ਏਆਈਐਮਆਈਐਮ ਦੇ ਜੇਤੂ ਸਾਰੇ ਪੰਜ ਉਮੀਦਵਾਰਾਂ ਖ਼ਿਲਾਫ਼ ਹੀ ਅਪਰਾਧਿਕ ਕੇਸ ਦਰਜ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਜਿੱਤੇ ਹੋਏ 241 ਵਿਧਾਇਕਾਂ ਵਿੱਚੋਂ 163 ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਪਿੱਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ 142 ਦਾਗੀ ਵਿਧਾਇਕ ਸਨ। ਇਸ ਵਾਰ, 123 ਜੇਤੂ ਉਮੀਦਵਾਰ, ਭਾਵ 51 ਫ਼ੀਸਦੀ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਅਗਵਾ ਅਤੇ ਔਰਤਾਂ ਖਿਲਾਫ ਅਪਰਾਧ ਦੇ ਕੇਸ ਦਰਜ ਹਨ। ਸਾਲ 2015 ਦੀਆਂ ਚੋਣਾਂ ਵਿੱਚ 40 ਫ਼ੀਸਦੀ ਅਜਿਹੇ ਵਿਧਾਇਕ ਸਨ ਜਿਨ੍ਹਾਂ ਵਿਰੁੱਧ ਅਜਿਹੇ ਗੰਭੀਰ ਮਾਮਲੇ ਚੱਲ ਰਹੇ ਸਨ। ਇੱਥੇ ਚੁਣੇ ਗਏ 19 ਵਿਧਾਇਕ ਹਨ ਜਿਨ੍ਹਾਂ ਵਿਰੁੱਧ ਕਤਲ, 31 ਵਿਧਾਇਕਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ 8 ਵਿਰੁੱਧ ਔਰਤਾਂ ਖ਼ਿਲਾਫ਼ ਅਪਰਾਧ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਦੇਖੋ : ਕਿਸਾਨਾਂ ਨੇ ਲਾਏ ਕਮਰ ਕੱਸੇ, ਕੇਂਦਰ ਨਾਲ ਮੀਟਿੰਗ ਲਈ ਪਹੁੰਚੇ ਵਿਗਿਆਨ ਭਵਨ ਦੇਖੋ ਤਸਵੀਰਾਂ….