Bihar Election Results: ਬਿਹਾਰ ਵਿਧਾਨ ਸਭਾ ਚੋਣਾਂ ਦੇ ਪੂਰੇ ਨਤੀਜੇ ਐਲਾਨ ਦਿੱਤੇ ਗਏ ਹਨ। ਚੋਣ ਕਮਿਸ਼ਨ ਦੇ ਅਨੁਸਾਰ, ਐਨਡੀਏ ਨੇ 125 ਸੀਟਾਂ ਜਿੱਤੀਆਂ ਹਨ, ਜੋ ਬਹੁਮਤ ਲਈ ਲੋੜੀਂਦੀਆਂ 122 ਸੀਟਾਂ ਨਾਲੋਂ ਤਿੰਨ ਵਧੇਰੇ ਹਨ। ਇਸ ਦੇ ਨਾਲ ਹੀ, ਮਹਾਂਗਠਜੋੜ ਨੇ 110 ਸੀਟਾਂ ਜਿੱਤੀਆਂ ਹਨ। ਰਾਜਦ ਇਸ ਚੋਣ ਵਿੱਚ 75 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਭਾਜਪਾ 74 ਸੀਟਾਂ ਜਿੱਤ ਕੇ ਦੂਸਰੀ ਸਭ ਤੋਂ ਵੱਡੀ ਬਣ ਗਈ ਹੈ। ਲੋਕਾਂ ਨੇ ਇੱਕ ਵਾਰ ਫਿਰ ਬਿਹਾਰ ਦੀ ਤਾਕਤ ਦਾ ਤਾਜ ਨੀਤੀਸ਼ ਕੁਮਾਰ ਦੇ ਸਿਰ ‘ਤੇ ਸਜਾ ਦਿੱਤਾ ਹੈ। ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਇੱਕ ਵਾਰ ਫਿਰ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਪਰ ਇਨ੍ਹਾਂ ਚੋਣਾਂ ਵਿੱਚ ਅਜਿਹੇ ਕਈ ਚਿਹਰੇ ਹਾਰ ਗਏ ਹਨ, ਜਿਨ੍ਹਾਂ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਸੀ. ਆਓ ਅਸੀਂ ਤੁਹਾਨੂੰ ਇਨ੍ਹਾਂ ਚਿਹਰਿਆਂ ਬਾਰੇ ਦੱਸਦੇ ਹਾਂ- ਪੁਸ਼ਪਮ ਪ੍ਰਿਆ ਚੌਧਰੀ : ਆਪਣੇ ਆਪ ਨੂੰ ਸੀ.ਐੱਮ ਉਮੀਦਵਾਰ ਐਲਾਨ ਕਰ ਸੁਰਖੀਆਂ ਵਿੱਚ ਆਈ Plurals Party ਦੀ ਪੁਸ਼ਪਮ ਪ੍ਰਿਆ ਚੌਧਰੀ ਨੂੰ ਦੋਵਾਂ ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੁਸ਼ਪਮ ਨੇ ਦੋ ਸੀਟਾਂ ਬਾਂਕੀਪੁਰ ਅਤੇ ਬਿਸਫੀ ਤੋਂ ਚੋਣ ਲੜੀ ਸੀ। ਬਿਸਫੀ ਵਿੱਚ ਪੁਸ਼ਪਮ ਪ੍ਰਿਆ ਨੂੰ ਨੋਟਾ ਤੋਂ ਵੀ ਘੱਟ ਸਿਰਫ 1509 ਵੋਟਾਂ ਹੀ ਮਿਲੀਆਂ ਹਨ। ਇਸ ਦੇ ਨਾਲ ਹੀ, ਪੁਸ਼ਪਮ ਨੂੰ ਬਾਂਕੀਪੁਰ ਸੀਟ ‘ਤੇ 5189 ਵੋਟਾਂ ਮਿਲੀਆਂ ਹਨ। ਉਹ ਦੋਵੇਂ ਸੀਟਾਂ ‘ਤੇ ਜ਼ਮਾਨਤ ਵੀ ਨਹੀਂ ਬਚਾ ਸਕੀ ਹੈ।
ਲਵ ਸਿਨਹਾ : ਕਾਂਗਰਸ ਨੇਤਾ ਅਤੇ ਬਾਲੀਵੁੱਡ ਅਭਿਨੇਤਾ ਸ਼ਤਰੂਘਨ ਸਿਨਹਾ ਦੇ ਬੇਟੇ ਲਵ ਸਿਨਹਾ ਬਾਂਕੀਪੁਰ ਸੀਟ ਤੋਂ ਚੋਣ ਲੜੇ ਸੀ ਅਤੇ 39 ਹਜ਼ਾਰ 36 ਵੋਟਾਂ ਨਾਲ ਹਾਰ ਗਏ ਹਨ। ਭਾਜਪਾ ਦੇ ਨਿਤਿਨ ਨੇ ਬਾਂਕੀਪੁਰ ਸੀਟ ਤੋਂ ਜਿੱਤ ਦਰਜ਼ ਕੀਤੀ ਹੈ। ਇਸ ਚੋਣ ਵਿੱਚ ਨਿਤਿਨ ਨਵੀਨ ਨੂੰ 83068 ਵੋਟਾਂ ਪ੍ਰਾਪਤ ਹੋਈਆਂ, ਜਦਕਿ ਕਾਂਗਰਸ ਉਮੀਦਵਾਰ ਲਵ ਸਿਨਹਾ ਨੂੰ 44032 ਵੋਟਾਂ ਪ੍ਰਾਪਤ ਹੋਈਆਂ। ਬਾਂਕੀਪੁਰ ਬਿਹਾਰ ਦੀ ਉੱਚ ਪ੍ਰੋਫਾਈਲ ਸੀਟਾਂ ਵਿੱਚੋਂ ਇੱਕ ਸੀ। ਪੱਪੂ ਯਾਦਵ : ਜਨ ਅਧਿਕਾਰ ਪਾਰਟੀ (JAP) ਦੇ ਪ੍ਰਧਾਨ ਅਤੇ ਪ੍ਰਗਤੀਵਾਦੀ ਲੋਕਤੰਤਰੀ ਗਠਜੋੜ (ਪੀਡੀਏ) ਦੇ ਮੁੱਖ ਮੰਤਰੀ ਦਾ ਚਿਹਰਾ ਰਾਜੇਸ਼ ਰੰਜਨ ਯਾਦਵ ਉਰਫ਼ ਪੱਪੂ ਯਾਦਵ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਧੇਪੁਰਾ ਸੀਟ ਤੋਂ ਚੋਣ ਲੜਨ ਵਾਲੇ ਪੱਪੂ ਯਾਦਵ ਨੂੰ 26,462 ਵੋਟਾਂ ਮਿਲੀਆਂ ਹਨ। ਉਹ ਤੀਜੇ ਨੰਬਰ ‘ਤੇ ਰਿਹਾ ਹੈ, ਜਦਕਿ RJD ਦੇ ਚੰਦਰਸ਼ੇਖਰ ਨੇ ਇਹ ਸੀਟ ਜਿੱਤੀ ਹੈ।
ਲਵਲੀ ਅਨੰਦ : ਆਰਜੇਡੀ ਦੇ ਸਟਾਰ ਪ੍ਰਚਾਰਕ ਅਤੇ ਬਾਹੂਬਲੀ ਆਨੰਦ ਮੋਹਨ ਸਿੰਘ ਦੀ ਪਤਨੀ ਲਵਲੀ ਆਨੰਦ ਵੀ ਚੋਣ ਹਾਰ ਗਏ ਹਨ। ਸਹਾਰਸਾ ਸੀਟ ਤੋਂ ਭਾਜਪਾ ਦੇ ਅਲੋਕ ਰੰਜਨ ਨੂੰ 1,03,538 ਵੋਟਾਂ ਮਿਲੀਆਂ, ਜਦੋਂ ਕਿ ਲਵਲੀ ਆਨੰਦ ਦੇ ਹੱਕ ਵਿੱਚ 83,859 ਵੋਟਾਂ ਪਾਈਆਂ ਹਨ। ਲਵਲੀ ਆਨੰਦ 19,679 ਵੋਟਾਂ ਨਾਲ ਚੋਣ ਹਾਰ ਗਏ ਹਨ। ਹਾਲਾਂਕਿ, ਲਵਲੀ ਆਨੰਦ ਦਾ ਬੇਟਾ ਚੇਤਨ ਆਨੰਦ ਸ਼ਿਵਹਾਰ ਸੀਟ ਤੋਂ ਜਿੱਤਣ ਵਿੱਚ ਕਾਮਯਾਬ ਰਿਹਾ ਹੈ। ਸੁਭਾਸ਼ੀਨੀ ਬੁੰਦੇਲਾ : ਸ਼ਰਦ ਯਾਦਵ ਦੀ ਬੇਟੀ ਸੁਭਾਸ਼ੀਨੀ ਬੁੰਦੇਲਾ ਵੀ ਚੋਣ ਹਾਰ ਗਈ ਹੈ। ਚੋਣਾਂ ਤੋਂ ਪਹਿਲਾਂ ਸੁਭਾਸ਼ੀਨੀ ਕਾਂਗਰਸ ਵਿੱਚ ਸ਼ਾਮਿਲ ਹੋ ਗਈ ਸੀ। ਇਸ ਤੋਂ ਬਾਅਦ ਕਾਂਗਰਸ ਨੇ ਉਸ ਨੂੰ ਬਿਹਾਰਗੰਜ ਸੀਟ ਤੋਂ ਟਿਕਟ ਦਿੱਤੀ ਸੀ। ਹਾਲਾਂਕਿ, ਉਹ ਜੇਡੀਯੂ ਉਮੀਦਵਾਰ ਨਿਰੰਜਨ ਕੁਮਾਰ ਮਹਿਤਾ ਤੋਂ ਹਾਰ ਗਈ ਹੈ। ਨਿਰੰਜਨ ਕੁਮਾਰ ਮਹਿਤਾ ਨੂੰ ਕੁੱਲ 81,531 ਵੋਟਾਂ ਮਿਲੀਆਂ ਜਦੋਂਕਿ ਸੁਭਾਸ਼ੀਨੀ ਬੁੰਦੇਲਾ ਨੂੰ 62,820 ਲੋਕਾਂ ਨੇ ਵੋਟਾਂ ਪਾਈਆਂ ਹਨ।
ਇਹ ਵੀ ਦੇਖੋ : ਪਾਕਿਸਤਾਨ ਦੀ ਨਵੀਂ ਚਾਲ ? ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸਾਰੀ ਕਮਾਨ ਦਿੱਤੀ ISI ਨੂੰ