ਲਖੀਮਪੁਰ ਖੀਰੀ ਮਾਮਲੇ ਦਾ ਮਾਮਲਾ ਦਿਨੋਂ ਦਿਨ ਭੱਖਦਾ ਹੀ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਵਿਰੋਧੀ ਧਿਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ, ਦੂਜੇ ਪਾਸੇ ਆਸ਼ੀਸ਼ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।
ਉੱਥੇ ਹੀ ਸੁਪਰੀਮ ਕੋਰਟ ਦੀ ਯੂਪੀ ਸਰਕਾਰ ਨੂੰ ਫਟਕਾਰ ਤੋਂ ਬਾਅਦ ਇਸ ਮਾਮਲੇ ‘ਤੇ ਖੁਦ ਮੰਤਰੀ ਅਜੈ ਮਿਸ਼ਰਾ ਦਾ ਬਿਆਨ ਸਾਹਮਣੇ ਆਇਆ ਹੈ। ਅਜੇ ਮਿਸ਼ਰਾ ਨੇ ਕਿਹਾ ਕਿ ਮੇਰਾ ਬੇਟਾ ਕੱਲ੍ਹ (ਸ਼ਨੀਵਾਰ) ਨੂੰ ਪੇਸ਼ ਹੋਏਗਾ ਅਤੇ ਇਸ ਮਾਮਲੇ ਵਿੱਚ ਪੁਲਿਸ ਨੂੰ ਸਹਿਯੋਗ ਵੀ ਦੇਵੇਗਾ। ਉਹ ਕਿਤੇ ਨਹੀਂ ਭੱਜਿਆ। ਉਹ ਨਿਰਦੋਸ਼ ਹੈ, ਅੱਜ ਉਸ ਦੀ ਸਿਹਤ ਠੀਕ ਨਹੀਂ ਸੀ, ਕੱਲ੍ਹ ਉਹ ਜਾਂਚ ਏਜੰਸੀ ਸਾਹਮਣੇ ਸਬੂਤਾਂ ਸਮੇਤ ਪੇਸ਼ ਹੋਏਗਾ। ਜਾਂਚ ਹੋਣ ਦੇਵੋ, ਸੱਚ ਸਭ ਦੇ ਸਾਹਮਣੇ ਆ ਜਾਵੇਗਾ। ਇਸ ਤੋਂ ਇਲਾਵਾ ਅਸਤੀਫੇ ਦੀ ਮੰਗ ਬਾਰੇ ਅਜੈ ਮਿਸ਼ਰਾ ਨੇ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਅਸਤੀਫੇ ਦੀ ਮੰਗ ਕਰਨਾ ਹੈ। ਅਜੈ ਮਿਸ਼ਰਾ ਨੇ ਕਿਹਾ ਕਿ ਮੇਰਾ ਬੇਟਾ ਉਸ ਘਟਨਾ ਵਿੱਚ ਸ਼ਾਮਿਲ ਨਹੀਂ ਸੀ।
ਇਹ ਵੀ ਪੜ੍ਹੋ : 68 ਸਾਲਾਂ ਪਿੱਛੋਂ ਫਿਰ ਟਾਟਾ ਦੀ ਹੋਈ ਏਅਰ ਇੰਡੀਆ, 18 ਹਜ਼ਾਰ ਕਰੋੜ ‘ਚ ਜਿੱਤੀ ਬੋਲੀ
ਕਿਸੇ ਵੀ ਵੀਡੀਓ ਵਿੱਚ ਉਸ ਦਾ ਜ਼ਿਕਰ ਨਹੀਂ ਹੈ। ਉਹ ਦੰਗਲ ਚਲਾ ਰਿਹਾ ਸੀ। ਅਜੇ ਮਿਸ਼ਰਾ ਨੇ ਅੱਗੇ ਕਿਹਾ ਕਿ ਮੇਰਾ ਬੇਟਾ ਅਜੇ ਵੀ ਘਰ ਬੈਠਾ ਹੈ। ਜੋ ਵੀ ਮਿਲਣਾ ਚਾਹੁੰਦਾ ਹੈ, ਜਾਕੇ ਮਿਲੇ। ਅਸੀਂ ਪ੍ਰਾਪਤ ਹੋਏ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਭਵਿੱਖ ਵਿੱਚ ਜੋ ਵੀ ਪ੍ਰਕਿਰਿਆ ਹੋਵੇਗੀ ਉਸ ਵਿੱਚ ਪੂਰਾ ਸਹਿਯੋਗ ਰਹੇਗਾ। ਮੇਰੇ ਮੰਤਰੀ ਹੋਣ ਦੇ ਬਾਵਜੂਦ ਮੇਰੇ ਪੁੱਤਰ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਭਾਜਪਾ ਸਰਕਾਰ ਵਿੱਚ ਨਿਆਂ ਹੁੰਦਾ ਹੈ। ਮੈਂ ਜਿੰਨੇ ਉੱਚੇ ਅਹੁਦੇ ‘ਤੇ ਹਾਂ, ਜੇ ਉੱਥੇ ਕੋਈ ਹੋਰ ਹੁੰਦਾ, ਤਾਂ ਕੇਸ ਵੀ ਦਰਜ਼ ਨਾ ਹੁੰਦਾ। ਇਹ ਭਾਜਪਾ ਦੀ ਸਰਕਾਰ ਹੈ, ਸਾਰਿਆਂ ਲਈ ਇੱਕੋ ਜਿਹਾ ਕਾਨੂੰਨ ਹੈ। ਅਸੀਂ ਨਿਰਪੱਖ ਜਾਂਚ ਕਰ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਅਖਿਲੇਸ਼ ਯਾਦਵ ਅਤੇ ਪ੍ਰਿਯੰਕਾ ਗਾਂਧੀ ਦੀ ਤਰਫੋਂ ਕੀਤੇ ਗਏ ਹਮਲਿਆਂ ‘ਤੇ ਕਿਹਾ ਕਿ ਇਹ ਲੋਕ ਸਿਆਸੀ ਫਾਇਦਾ ਲੈਣ ਲਈ ਇਹ ਸਭ ਕਰ ਰਹੇ ਹਨ।