BKU leader Rakesh Tikait says: ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਤੇ ਸਰਕਾਰ ਵਿਚਾਲੇ ਟਕਰਾਅ ਵੱਧਦਾ ਹੀ ਜਾ ਰਿਹਾ ਹੈ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਪਿਛਲੇ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹਨ। ਕਿਸਾਨ ਕਾਨੂੰਨ ਵਾਪਸੀ ਤੋਂ ਘੱਟ ਕਿਸੇ ਵੀ ਚੀਜ਼ ‘ਤੇ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ, ਚਾਹੇ ਇਹ ਅੰਦੋਲਨ ਕਿੰਨਾ ਹੀ ਲੰਬਾ ਕਿਉਂ ਨਾ ਹੋਵੇ। ਕਿਸਾਨ ਅੰਦੋਲਨ ਦੀ ਧਾਰ ਨੂੰ ਦੇਖਦੇ ਹੋਏ ਸਰਕਾਰ ਨੇ ਤਿੰਨਾਂ ਬਾਰਡਰਾਂ ‘ਤੇ ਕਿੱਲਾਂ ਲਗਾ ਕੇ ਤੇ ਬੈਰੀਕੇਡਿੰਗ ਰਾਹੀਂ ਕਿਲ੍ਹੇਬੰਦੀ ਕਰ ਦਿੱਤੀ ਹੈ । ਉੱਥੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਉਨ੍ਹਾਂ ਦਾ ਅੰਦੋਲਨ ਅਕਤੂਬਰ ਤੱਕ ਚੱਲੇਗਾ, ਜੇਕਰ ਸਰਕਾਰ ਅਕਤੂਬਰ ਤੱਕ ਸਹਿਮਤ ਨਾ ਹੋਈ ਤਾਂ ਕਿਸਾਨ ਜੱਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ ਇੱਕ ਟਰੈਕਟਰ ਰੈਲੀ ਕੱਢੀ ਜਾਵੇਗੀ ।
ਦਰਅਸਲ, ਭਾਰਤੀ ਕਿਸਾਨ ਯੂਨੀਅਨ (BKU) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ, ‘ਅਸੀਂ ਸਰਕਾਰ ਨੂੰ ਅਕਤੂਬਰ ਤੱਕ ਦਾ ਸਮਾਂ ਦੇ ਦਿੱਤਾ ਹੈ। ਜੇ ਸਰਕਾਰ ਸਾਡੀ ਗੱਲ ਨਾ ਮੰਨੀ ਤਾਂ ਅਸੀਂ 40 ਲੱਖ ਟਰੈਕਟਰਾਂ ਨਾਲ ਦੇਸ਼ ਭਰ ਵਿੱਚ ਟਰੈਕਟਰ ਰੈਲੀ ਕਰਾਂਗੇ।’ ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਨਾਅਰਾ ਹੈ, “ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ।” ਉਨ੍ਹਾਂ ਅੱਗੇ ਕਿਹਾ ਕਿ ਇਹ ਅੰਦੋਲਨ ਜਲਦੀ ਖ਼ਤਮ ਨਹੀਂ ਹੋਵੇਗਾ, ਬਲਕਿ ਅਕਤੂਬਰ ਤੱਕ ਚੱਲੇਗਾ।
ਇਸ ਤੋਂ ਇਲਾਵਾ ਖੇਤੀਬਾੜੀ ਕਾਨੂੰਨਾਂ ‘ਤੇ ਸਰਕਾਰ ਨਾਲ ਗੱਲਬਾਤ ਦੇ ਸਵਾਲ ‘ਤੇ ਰਾਕੇਸ਼ ਟਿਕੈਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੁਲਿਸ-ਪ੍ਰਸ਼ਾਸਨ ਵੱਲੋਂ ਪੈਦਾ ਕੀਤੀ ਜਾ ਰਹੀ ਪ੍ਰੇਸ਼ਾਨੀ ਅਤੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਨਹੀਂ ਹੋਵੇਗੀ, ਉਦੋਂ ਤੱਕ ਸਰਕਾਰ ਨਾਲ ਨਵੇਂ ਖੇਤੀਬਾੜੀ ਕਾਨੂੰਨਾਂ ‘ਤੇ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ।
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚਾ ਵੱਲੋਂ 6 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਸਾਰੇ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਪੁਲਿਸ ‘ਤੇ ਦੋਸ਼ ਲਗਾਇਆ ਕਿ ਵਿਰੋਧ ਪ੍ਰਦਰਸ਼ਨ ਕਰਨ ਆਏ ਨੌਜਵਾਨਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਬੇਲੋੜੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। 26 ਜਨਵਰੀ, ਗਣਤੰਤਰ ਦਿਵਸ ਤੋਂ ਬਾਅਦ ਬਹੁਤ ਸਾਰੇ ਟਰੈਕਟਰਾਂ ਤੇ ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ। ਨਾਲ ਹੀ ਸਰਹੱਦ ਦੇ ਆਸ ਪਾਸ ਦੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਬਲਾਕ ਕੀਤਾ ਜਾ ਰਿਹਾ ਹੈ।