BKU leader Rakesh Tikait says: ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਅੰਦੋਲਨ ਨੂੰ 100 ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਕੋਈ ਰਸਤਾ ਨਿਕਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ । ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿਫਿਰ ਤੋਂ ਦਿੱਲੀ ਦਾਖਲ ਹੋਣਾ ਪਵੇਗਾ। ਬੁੱਧਵਾਰ ਨੂੰ ਰਾਕੇਸ਼ ਟਿਕੈਤ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਲਿਖਿਆ, “ਕਿਸਾਨਾਂ ਨੂੰ ਫਿਰ ਤੋਂ ਦਿੱਲੀ ਵਿੱਚ ਦਾਖਲ ਹੋਣਾ ਪਵੇਗਾ ਅਤੇ ਬੈਰੀਕੇਡਸ ਤੋੜਨੇ ਪੈਣਗੇ।” ਦੱਸ ਦੇਈਏ ਕਿ ਰਾਕੇਸ਼ ਟਿਕੈਤ ਵੱਲੋਂ ਪੂਰੇ ਦੇਸ਼ ਵਿੱਚ ਵੱਖ-ਵੱਖ ਰਾਜਾਂ ਵਿੱਚ ਕਿਸਾਨ ਮਹਾਂਪੰਚਿਤ ਦਾ ਆਯੋਜਨ ਕਰ ਰਹੇ ਹਨ।
ਮੰਗਲਵਾਰ ਨੂੰ ਜੈਪੁਰ ਵਿੱਚ ਕਿਸਾਨ ਮਹਾਂਪੰਚਾਇਤ ਵਿਖੇ ਰਾਕੇਸ਼ ਟਿਕੈਤ ਨੇ ਕੇਂਦਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਜਾਤੀ-ਧਰਮ ਵਿੱਚ ਵੰਡਿਆ ਪਰ ਹੁਣ ਅੰਨਦਾਤਾ ਵੰਡੇ ਜਾਣ ਵਾਲੇ ਨਹੀਂ ਹਨ ਅਤੇ ਜੇ ਲੋੜ ਪਈ ਤਾਂ ਉਹ ਸੰਸਦ ਵਿੱਚ ਵੀ ਆਪਣੀ ਫਸਲ ਵੇਚ ਕੇ ਦਿਖਾਉਣਗੇ। ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ, “ਸਰਕਾਰ ਨੇ ਜਾਤੀਆਂ ਵਿੱਚ ਵੰਡਿਆ, ਧਰਮ ਵਿੱਚ ਵੰਡਿਆ..ਪਰ ਹੁਣ ਕਿਸਾਨ ਵੰਡੇ ਜਾਣ ਵਾਲਾ ਨਹੀਂ ਹੈ।”
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਸਕਦਾ ਹੈ। ਅਸੀਂ ਆਪਣੀ ਫਸਲ ਕਿਤੇ ਵੀ ਵੇਚ ਕੇ ਦਿਖਾਵਾਂਗੇ। ਮੰਡੀ ਦੇ ਬਾਹਰ ਵੇਚ ਕੇ ਦਿਖਾਵਾਂਗੇ, ਜੋ ਭਾਰਤ ਸਰਕਾਰ ਦਾ ਰੇਟ ਹੈ, ਉਸ ‘ਤੇ ਵੇਚ ਕੇ ਦਿਖਾਵਾਂਗੇ ਅਤੇ ਸੰਸਦ ਵਿੱਚ ਵੀ ਆਪਣੀਆਂ ਫਸਲਾਂ ਵੇਚ ਕੇ ਦਿਖਾਵਾਂਗੇ।
ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, “ਪੂਰੇ ਦੇਸ਼ ਵਿੱਚ ਅੰਦੋਲਨ ਸ਼ੁਰੂ ਹੋ ਗਏ ਹਨ। ਕਿਸਾਨਾਂ ਨੂੰ ਜਾਗਣਾ ਪਵੇਗਾ, ਖ਼ਾਸਕਰ ਨੌਜਵਾਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਚੱਲੋ .. ਵਧੋ .. ਜਾਗੋ ਅਤੇ ਲੜੋ। ਉਨ੍ਹਾਂ ਕਿਹਾ ਕਿ ਇਕੱਠੇ ਹੋ ਕੇ ਚੱਲਣ ਨਾਲ ਹੀ ਦੇਸ਼ ਬਚੇਗਾ ਨਹੀਂ ਤਾਂ ਲੁੱਟਿਆ ਜਾਵੇਗਾ।