Block kmp highway near delhi : ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਤੋਂ ਬਾਅਦ ਅੱਜ ਕਿਸਾਨ ਬਲੈਕ ਡੇਅ ਮਨਾ ਰਹੇ ਹਨ। ਕਿਸਾਨਾਂ ਨੇ ਦਿੱਲੀ ਨੇੜੇ ਕੁੰਡਲੀ-ਮਨੇਸਰ-ਪਲਵਲ (ਕੇਐਮਪੀ) ਹਾਈਵੇਅ ਜਾਮ ਕਰ ਪ੍ਰਦਰਸ਼ਨ ਕੀਤਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ, “ਅਸੀਂ ਕਿਸਾਨਾਂ ਨੇ ਮਿਲ ਕੇ ਇਸ ਰਾਜ ਮਾਰਗ ਨੂੰ ਬੰਦ ਕੀਤਾ ਹੈ। ਇੱਥੇ ਸਭ ਕੁੱਝ ਸ਼ਾਂਤਮਈ ਹੋ ਰਿਹਾ ਹੈ। ਅਸੀਂ ਅੰਦੋਲਨ ਨੂੰ ਤੇਜ਼ ਕਰ ਰਹੇ ਹਾਂ, ਮਹਾਂ ਪੰਚਾਇਤਾਂ ਵਿੱਚ ਭੀੜ ਆ ਰਹੀ ਹੈ।” ਰਾਜੇਵਾਲ ਨੇ ਕਿਹਾ, “ਅਸੀਂ ਪੰਜ ਰਾਜਾਂ ਵਿੱਚ ਜਾਵਾਂਗੇ ਅਤੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਵਾਂਗੇ। ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਭਾਜਪਾ ਨੂੰ ਵੋਟ ਨਾ ਦੇਣ। ਅੱਗੇ ਬੈਠਕ ਕਰਕੇ ਅਤੇ ਆਪਿਸ ਵਿੱਚ ਫੈਸਲੇ ਲੈ ਕੇ ਅਸੀਂ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ।”
ਹਾਈਵੇਅ ਜਾਮ ਕਰਨ ਤੋਂ ਇਲਾਵਾ ਕਿਸਾਨ ਲੀਡਰਾਂ ਨੇ ਟੋਲ ਪਲਾਜ਼ੇ ਫ੍ਰੀ ਕਰਨ ਦਾ ਐਲਾਨ ਵੀ ਕੀਤਾ ਸੀ। ਦੱਸ ਦੇਈਏ ਕਿ ਪਿੱਛਲੇ ਸਾਲ 26 ਨਵੰਬਰ ਤੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਹਜ਼ਾਰਾਂ ਕਿਸਾਨ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਸਰਹੱਦ ‘ਤੇ ਵੱਖ-ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਤੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦੀ ਮੰਗ ਵੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕੋਈ ਕਾਨੂੰਨ ਬਣਾਇਆ ਜਾਵੇ। ਇਸ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਅਨੁਸਾਰ ਵੱਖ-ਵੱਖ ਕਾਰਨਾਂ ਕਰਕੇ ਕੁੱਲ 248 ਕਿਸਾਨ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ।