ਈਦ-ਉਲ-ਫਿਤਰ ਦੇ ਮੌਕੇ ‘ਤੇ ਮੰਗਲਵਾਰ ਸਵੇਰੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਅਤੇ ਪਾਕਿ ਰੇਂਜਰਾਂ ਵਿਚਾਲੇ ਮਠਿਆਈਆਂ ਦਾ ਆਦਾਨ-ਪ੍ਰਦਾਨ ਹੋਇਆ । ਅਟਾਰੀ ਬਾਰਡਰ ‘ਤੇ ਜੁਆਇੰਟ ਚੈੱਕ ਪੋਸਟ ਜ਼ੀਰੋ ਲਾਈਨ ‘ਤੇ ਬੀਐਸਐਫ ਅਧਿਕਾਰੀ ਅਤੇ ਪਾਕਿ ਰੇਂਜਰਜ਼ ਦੇ ਕਮਾਂਡਿੰਗ ਅਫਸਰ ਦੀ ਅਗਵਾਈ ਹੇਠ ਇੱਕ ਸਾਂਝਾ ਪ੍ਰੋਗਰਾਮ ਕਰਵਾਇਆ ਗਿਆ । ਭਾਰਤ-ਪਾਕਿਸਤਾਨ ਦੇ ਅੰਤਰਰਾਸ਼ਟਰੀ ਦਰਵਾਜ਼ੇ ਕੁਝ ਸਮੇਂ ਲਈ ਖੋਲ੍ਹੇ ਗਏ।
BSF ਦੇ ਸੀਨੀਅਰ ਅਧਿਕਾਰੀ ਅਤੇ ਪਾਕਿ ਰੇਂਜਰਸ ਜ਼ੀਰੋ ਲਾਈਨ ‘ਤੇ ਪਹੁੰਚੇ । ਦੋਵਾਂ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ । ਨਾਲ ਹੀ ਮਿਠਾਈ ਦੇ ਡੱਬੇ ਵੀ ਦਿੱਤੇ ਗਏ। ਇਸ ਮੌਕੇ BSF ਦੇ ਅਧਿਕਾਰੀਆਂ ਤੋਂ ਇਲਾਵਾ ਜਵਾਨ ਵੀ ਹਾਜ਼ਰ ਸਨ । ਕੁਝ ਹੀ ਮਿੰਟਾਂ ਦੇ ਪ੍ਰੋਗਰਾਮ ਦੌਰਾਨ ਦੋਵਾਂ ਪਾਸਿਆਂ ਦੇ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਈਦ-ਉਲ-ਫਿਤਰ ਦੇ ਤਿਉਹਾਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਤੁਰੰਤ ਬਾਅਦ ਦੋਵਾਂ ਦੇਸ਼ਾਂ ਦੇ ਅੰਤਰਰਾਸ਼ਟਰੀ ਗੇਟ ਬੰਦ ਕਰ ਦਿੱਤੇ ਗਏ।
ਇਹ ਵੀ ਪੜ੍ਹੋ: ਸਾਬਕਾ CM ਬੀਬੀ ਭੱਠਲ ਨੂੰ 5 ਮਈ ਤੱਕ ਸਰਕਾਰੀ ਕੋਠੀ ਖਾਲੀ ਕਰਨ ਦੇ ਹੁਕਮ, ਸਰਕਾਰ ਨੇ ਭੇਜਿਆ ਨੋਟਿਸ
ਦੱਸ ਦੇਈਏ ਕਿ JCP ਅਟਾਰੀ ‘ਤੇ ਕੋਰੋਨਾ ਕਾਲ ਦੇ ਚੱਲਦਿਆਂ ਪਿਛਲੇ ਦੋ ਸਾਲਾਂ ਤੋਂ ਈਦ-ਉਲ-ਫਿਤਰ ਦੇ ਮੌਕੇ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਜਿਹਾ ਕੋਈ ਪ੍ਰੋਗਰਾਮ ਨਹੀਂ ਹੋਇਆ । ਮੰਗਲਵਾਰ ਨੂੰ ਈਦ ਦੇ ਮੌਕੇ ‘ਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚਾਲੇ ਮਠਿਆਈਆਂ ਦੇ ਆਦਾਨ-ਪ੍ਰਦਾਨ ਨਾਲ ਰਿਸ਼ਤਿਆਂ ਵਿੱਚ ਕੁਝ ਮਿਠਾਸ ਆਉਣ ਦੀ ਉਮੀਦ ਹੈ।
ਗੌਰਤਲਬ ਹੈ ਕਿ ਈਦ ਦੇ ਤਿਉਹਾਰ ਤੋਂ ਇਲਾਵਾ ਦੀਵਾਲੀ ਅਤੇ ਹੋਲੀ ‘ਤੇ ਵੀ ਦੋਵਾਂ ਦੇਸ਼ਾਂ ਦੇ ਫੌਜੀ ਇੱਕ-ਦੂਜੇ ਨੂੰ ਮਠਿਆਈਆਂ ਅਤੇ ਸ਼ੁੱਭਕਾਮਨਾਵਾਂ ਦਿੰਦੇ ਹਨ। ਇਸ ਤੋਂ ਇਲਾਵਾ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਅਤੇ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਤੋਂ ਇਲਾਵਾ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦੋਵੇਂ ਦੇਸ਼ ਇੱਕ ਦੂਜੇ ਨੂੰ ਮਠਿਆਈਆਂ ਦੇ ਕੇ ਵਧਾਈ ਦਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: