BSF jawan crying for bed: ਦੇਸ਼ ਵਿੱਚ ਕੋਰੋਨਾ ਦਾ ਕਹਿਰ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਉੱਥੇ ਹੀ ਮੱਧ ਪ੍ਰਦੇਸ਼ ਵਿੱਚ ਕੋਰੋਨਾ ਦਾ ਦਰਦਨਾਕ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹਾਲੇ ਵੀ ਬਰਕਰਾਰ ਹੈ । ਹਸਪਤਾਲਾਂ ਦੇ ਬਾਹਰ ਬੈੱਡ ਲਈ ਮਰੀਜ਼ ਤੜਫ਼ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਨ ਵਾਲਾ ਨਹੀਂ ਹੈ । ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇੱਕ BSF ਜਵਾਨ ਕਾਰ ਵਿੱਚ ਆਪਣੀ ਪਤਨੀ ਨੂੰ ਲੈ ਕੇ ਭਟਕ ਰਿਹਾ ਹੈ । ਪਤਨੀ ਕੋਰੋਨਾ ਨਾਲ ਪੀੜਤ ਹੈ ਪਰ ਇਲਾਜ ਲਈ ਬੈੱਡ ਨਹੀਂ ਮਿਲ ਰਿਹਾ ਹੈ । ਮੀਡੀਆ ਕਰਮੀਆਂ ਨੂੰ ਦੇਖ ਜਵਾਨ ਨੇ ਰੋਂਦੇ ਹੋਏ ਆਪਣਾ ਦਰਦ ਜ਼ਾਹਿਰ ਕੀਤਾ ।
ਇਸ ਮਾਮਲੇ ਵਿੱਚ ਜਵਾਨ ਦਾ ਕਹਿਣਾ ਹੈ ਕਿ ਮੈਂ ਪਿਛਲੇ 8 ਘੰਟਿਆਂ ਤੋ ਆਪਣੀ ਪਤਨੀ ਨੂੰ ਕਾਰ ਵਿੱਚ ਲੈ ਕੇ ਭਟਕ ਰਿਹਾ ਹਾਂ । ਹਰ ਹਸਪਤਾਲ ਦੇ ਲੋਕ ਇੱਕ-ਦੂਜੇ ਹਸਪਤਾਲ ਵਿੱਚ ਭੇਜ ਰਹੇ ਹਨ। ਕੋਈ ਇਹ ਦੱਸਣ ਲਈ ਤਿਆਰ ਨਹੀਂ ਹੈ ਕਿ ਮੈਂ ਪਤਨੀ ਨੂੰ ਕਿੱਥੇ ਦਾਖ਼ਲ ਕਰਾਵਾਂ । ਜਵਾਨ ਹਰ ਆਉਣ-ਜਾਣ ਵਾਲੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਸੀ । ਮੀਡੀਆ ਕਰਮੀਆਂ ਦੇ ਦਖ਼ਲ ਤੋਂ ਬਾਅਦ ਜਵਾਨ ਦੀ ਪਤਨੀ ਨੂੰ ਰੀਵਾ ਦੇ ਸੰਜੇ ਗਾਂਧੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦੱਸ ਦੇਈਏ ਕਿ ਇਸ ਜਵਾਨ ਦੀ ਤਾਇਨਾਤੀ ਤ੍ਰਿਪੁਰਾ ਵਿੱਚ ਹੈ। ਉਹ 4 ਦਿਨ ਪਹਿਲਾਂ ਹੀ ਘਰ ਛੁੱਟੀ ‘ਤੇ ਆਇਆ ਹੈ । ਜਵਾਨ ਨੂੰ ਕੋਰੋਨਾ ਟੀਕਾ ਵੀ ਲੱਗ ਚੁੱਕਿਆ ਹੈ। ਉੱਥੇ ਹੀ ਘਰ ਆਉਣ ‘ਤੇ ਪਤਨੀ ਬੀਮਾਰ ਹੋਈ । ਜਿਸ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤੇ ਉਸਦੀ ਰਿਪੋਰਟ ਪਾਜ਼ੀਟਿਵ ਨਿਕਲੀ । ਮੰਗਲਵਾਰ ਦੀ ਸਵੇਰ ਉਹ ਪਤਨੀ ਨੂੰ ਦਾਖ਼ਲ ਕਰਵਾਉਣ ਲਈ ਹਸਪਤਾਲਾਂ ਦਾ ਚੱਕਰ ਲਗਾ ਰਿਹਾ ਸੀ ਪਰ ਕੋਈ ਮਦਦ ਨਹੀਂ ਮਿਲ ਰਹੀ ਸੀ । ਕੋਰੋਨਾ ਪੀੜਤ ਪਤਨੀ ਨੂੰ ਲੈ ਕੇ ਜਵਾਨ ਕਾਫ਼ੀ ਲਾਚਾਰ ਨਜ਼ਰ ਆ ਰਿਹਾ ਸੀ । ਉਹ ਕੈਮਰਾ ਦੇਖ ਕੇ ਰੋਣ ਲੱਗ ਗਿਆ । ਉਸਨੇ ਰੋਂਦੇ ਹੋਏ ਕਿਹਾ ਕਿ ਬੀਮਾਰ ਪਤਨੀ ਨੂੰ ਲੈ ਕੇ ਭਟਕ ਰਿਹਾ ਹਾਂ । ਕਿੱਥੇ ਇਲਾਜ ਕਰਾਵਾਂ ।