ਭਾਰਤ ਲਈ ਸੁਰੱਖਿਆ ਲਈ ਚੁਣੌਤੀ ਬਣੇ ਪਾਕਿਸਤਾਨੀ ਡਰੋਨ ਦੇ ਦਿਨ ਹੁਣ ਬਹੁਤ ਘੱਟ ਰਹਿ ਗਏ ਹਨ। ਸਰਹੱਦ ‘ਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਸੀਮਾ ਸੁਰੱਖਿਆ ਬਲ ਨੂੰ ਬਹੁਤ ਜਲਦੀ ਐਂਟੀ ਡਰੋਨ ਗਨ ਨਾਲ ਲੈਸ ਕੀਤਾ ਜਾਵੇਗਾ । ਇਹ ਸਪੈਸ਼ਲ ਗਨ ਡਰੋਨਾਂ ਨੂੰ ਸੁੱਟਣ ਵਿੱਚ ਬਹੁਤ ਕਾਰਗਾਰ ਹਨ। ਇਹ ਜਾਣਕਾਰੀ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਹੈ । ਇਸ ਸਬੰਧੀ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੀਐਸਐਫ ਵੱਲੋਂ ਇਸ ਸਬੰਧ ਵਿੱਚ ਇੱਕ ਗੁਣਾਤਮਕ ਲੋੜਾਂ ਦਾ ਡ੍ਰਾਫਟ (ਕਿਊਆਰਐਸ) ਭੇਜਿਆ ਗਿਆ ਹੈ। ਇਸ ਸਪੈਸ਼ਲ ਗਨ ਦੀ ਮਾਰਕੀਟ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਿਕਰੇਤਾਵਾਂ ਅਤੇ ਸੰਭਾਵੀ ਨਿਰਮਾਤਾਵਾਂ ਤੋਂ ਬੋਲੀ ਮੰਗਵਾਈ ਗਈ ਹੈ।
ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਹੈਂਡਹੇਲਡ ਐਂਟੀ-ਡਰੋਨ ਗਨ ਸਰਹੱਦੀ ਖੇਤਰਾਂ ਵਿੱਚ ਗਸ਼ਤ ਕਰਨ ਵਾਲੀਆਂ ਟੀਮਾਂ ਲਈ ਬਹੁਤ ਲਾਭਦਾਇਕ ਹੋਵੇਗੀ, ਜੋ ਕਦੇ-ਕਦੇ ਡਰੋਨਾਂ ਨੂੰ ਉੱਡਦੇ ਵੇਖਦੀਆਂ ਹਨ, ਪਰ ਬਹੁਤ ਕੁਝ ਨਹੀਂ ਕਰ ਸਕਦੀਆਂ ਕਿਉਂਕਿ ਉਹ ਆਪਣੀ ਫਾਇਰਿੰਗ ਰੇਂਜ ਤੋਂ ਬਾਹਰ ਹੁੰਦੀਆਂ ਹਨ। ਇਸ ਸਾਲ ਪੰਜਾਬ ਦੇ ਨੇੜੇ ਡਰੋਨ ਦੇਖੇ ਜਾਣ ਦੀਆਂ 60 ਤੋਂ ਵੱਧ ਰਿਪੋਰਟਾਂ ਪ੍ਰਾਪਤ ਹੋਈਆਂ ਹਨ । ਕਈ ਮਾਮਲਿਆਂ ਵਿੱਚ ਤਾਂ ਜਾਣਕਾਰੀ ਵੀ ਉਪਲਬਧ ਨਹੀਂ ਹੋ ਸਕੀ । ਪਾਕਿਸਤਾਨ ਵੱਲੋਂ ਪੰਜਾਬ ਜੰਮੂ-ਕਸ਼ਮੀਰ ਦੀ ਸਰਹੱਦ ‘ਤੇ ਨਸ਼ਿਆਂ ਦੀ ਤਸਕਰੀ ਅਤੇ ਵਿਸਫੋਟਕ ਅਤੇ ਛੋਟੇ ਹਥਿਆਰ ਸੁੱਟਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਖੁਫੀਆ ਏਜੰਸੀਆਂ ਨੇ ਸੁਰੱਖਿਆ ਬਲਾਂ ਨੂੰ ਸਰਹੱਦ ਪਾਰ ਅਤੇ ਇੱਥੋਂ ਤੱਕ ਕਿ ਨਕਸਲੀ ਖੇਤਰਾਂ ਵਿੱਚ ਵੀ ਅੱਤਵਾਦੀ ਸਮੂਹਾਂ ਦੀ ਡਰੋਨ ਸਮਰੱਥਾ ਬਾਰੇ ਸੁਚੇਤ ਕੀਤਾ ਹੈ। ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਕਈ ਤਰ੍ਹਾਂ ਦੇ ਡਰੋਨਾਂ ਨੂੰ ਸੁੱਟਿਆ ਸੀ। ਕੁਝ ਡਰੋਨ (ਹੈਕਸਾਕਾਪਟਰ) ਜ਼ਿਆਦਾ ਭਾਰ ਚੁੱਕ ਸਕਦੇ ਹਨ । ਉਨ੍ਹਾਂ ਦਾ ਕੰਟਰੋਲਰ ਸਰਹੱਦ ਪਾਰ ਬੈਠਦਾ ਹੈ ਅਤੇ ਕੰਟਰੋਲ ਰੇਖਾ ਪਾਰ ਕੀਤੇ ਬਿਨ੍ਹਾਂ ਆਪਣਾ ਮਕਸਦ ਪੂਰਾ ਕਰਦਾ ਹੈ।
ਬੀਐਸਐਫ ਅਧਿਕਾਰੀ ਨੇ ਕਿਹਾ ਕਿ ਪੂਰੀ ਸਰਹੱਦ ਨੂੰ ਡਰੋਨ ਵਿਰੋਧੀ ਯੰਤਰਾਂ ਦੇ ਤਹਿਤ ਕਵਰ ਨਹੀਂ ਕੀਤਾ ਜਾ ਸਕਦਾ । ਪਰ ਗਸ਼ਤ ਦੇ ਨਾਲ ਹੱਥ ਵਿੱਚ ਫੜ੍ਹੀਆਂ ਜਾਣ ਵਾਲੀਆਂ ਐਂਟੀ-ਡਰੋਨ ਗਨ ਡਰੋਨ ਦਾ ਪਤਾ ਲਗਾਉਣ ਅਤੇ ਉਸਨੂੰ ਹੇਠਾਂ ਲਿਆਉਣ ਵਿੱਚ ਮਦਦ ਕਰ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: