ਮਾਇਆਵਤੀ ਨੇ ਸ਼ਨੀਵਾਰ ਨੂੰ ਆਪਣੇ ਜਨਮ ਦਿਨ ਦੇ ਮੌਕੇ ‘ਤੇ ਯੂਪੀ ਚੋਣਾਂ ਦੇ ਪਹਿਲੇ ਪੜਾਅ ਦੀਆਂ 58 ਵਿੱਚੋਂ 53 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ । ਇਸ ਦੌਰਾਨ ਪ੍ਰੈੱਸ ਕਾਨਫਰੰਸ ਵਿੱਚ ਮਾਇਆਵਤੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਗਠਜੋੜ ਕਰਕੇ ਸਾਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਜਨਤਾ ਸਾਨੂੰ ਮੁੜ ਸੱਤਾ ਵਿੱਚ ਲੈ ਕੇ ਆਵੇਗੀ। ਬਸਪਾ ਸੁਪਰੀਮੋ ਨੇ ਕਿਹਾ ਕਿ ਅਸੀਂ ਇਸ ਵਾਰ ਵੀ ਸੱਤਾ ਵਿੱਚ ਆ ਕੇ ਸਭ ਦੇ ਭਲੇ ਦਾ ਕੰਮ ਕਰਾਂਗੇ।
ਲਖਨਊ ਵਿੱਚ ਮਾਇਆਵਤੀ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੀਆਂ 58 ਸੀਟਾਂ ਵਿੱਚੋਂ 53 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੇ ਨਾਂ ਫਾਈਨਲ ਕਰ ਲਏ ਹਨ ਅਤੇ ਬਾਕੀ 5 ਸੀਟਾਂ ‘ਤੇ ਵੀ ਇੱਕ-ਦੋ ਦਿਨਾਂ ਵਿੱਚ ਉਮੀਦਵਾਰਾਂ ਦੇ ਨਾਂ ਫਾਈਨਲ ਕਰ ਦਿੱਤੇ ਜਾਣਗੇ।
ਮਾਇਆਵਤੀ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਨਿਸ਼ਚਿਤ ਤੌਰ ‘ਤੇ ਸਾਡੀ ਪਾਰਟੀ ਨੂੰ ਮੁੜ ਸੱਤਾ ਵਿੱਚ ਲਿਆਉਣਗੇ ਅਤੇ ਮੈਂ ਉਨ੍ਹਾਂ ਨੂੰ ਇਹ ਵੀ ਭਰੋਸਾ ਦਿਵਾਉਣਾ ਚਾਹੁੰਦੀ ਹਾਂ ਕਿ ਇਸ ਵਾਰ ਵੀ ਸੱਤਾ ਵਿੱਚ ਆਉਣ ਤੋਂ ਬਾਅਦ ਸਾਡੀ ਪਾਰਟੀ ਆਪਣੇ ਪਹਿਲਾਂ ਦੇ ਰਹੇ ਸ਼ਾਸਨਕਾਲ ਦੀ ਤਰ੍ਹਾਂ ਹੀ ਫਿਰ ਤੋਂ ਇੱਥੇ ਸਾਰੇ ਮਾਮਲਿਆਂ ਵਿੱਚ ਸਰਕਾਰ ਚਲਾਵੇਗੀ।
ਇਹ ਵੀ ਪੜ੍ਹੋ: ਕਾਂਗਰਸ ਨਾਲ 50 ਸਾਲ ਪੁਰਾਣਾ ਨਾਤਾ ਤੋੜ ਜੋਗਿੰਦਰ ਸਿੰਘ ਮਾਨ ‘ਆਪ’ ‘ਚ ਹੋਏ ਸ਼ਾਮਲ
ਦੱਸ ਦੇਈਏ ਕਿ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਮਾਇਆਵਤੀ ਨੇ ਕਿਹਾ ਕਿ ਲੋਕਾਂ ਨੂੰ ਵਿਰੋਧੀ ਧਿਰ ਦੀਆਂ ਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਜਾਤੀਵਾਦੀ ਅਤੇ ਬਸਪਾ ਵਿਰੋਧੀ ਮੀਡੀਆ ਤੋਂ ਬਚੋ । ਮੈਂ 4 ਵਾਰ ਲੋਕ ਸਭਾ, ਤਿੰਨ ਵਾਰ ਰਾਜ ਸਭਾ, ਦੋ ਵਾਰ ਵਿਧਾਨ ਸਭਾ ਅਤੇ ਦੋ ਵਾਰ ਐਮ.ਐਲ.ਸੀ. ਰਹੀ ਹਾਂ। ਕਾਂਸ਼ੀ ਰਾਮ ਜੀ ਤੋਂ ਬਾਅਦ ਪਾਰਟੀ ਦੀ ਜ਼ਿੰਮੇਵਾਰੀ ਮੇਰੇ ‘ਤੇ ਹੈ, ਇਸ ਲਈ ਮੈਂ ਚੋਣ ਨਹੀਂ ਲੜਾਂਗੀ। ਸਰਕਾਰ ਬਣਨ ‘ਤੇ ਵਿਧਾਨ ਪ੍ਰੀਸ਼ਦ ਰਾਹੀਂ ਸਰਕਾਰ ਦੀ ਅਗਵਾਈ ਕਰਾਂਗੀ। ਮਾਇਆਵਤੀ ਨੇ ਕਿਹਾ ਕਿ ਸਾਲ 2022 ਉਮੀਦਾਂ ਦਾ ਸਾਲ ਹੈ। ਤਬਦੀਲੀ ਆਵੇਗੀ।
ਵੀਡੀਓ ਲਈ ਕਲਿੱਕ ਕਰੋ -: