Budgam LeT module busted: ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ । ਇੱਕ ਪੁਲਿਸ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਰਾਸ਼ਟਰੀ ਰਾਈਫਲਜ਼, ਜੰਮੂ-ਕਸ਼ਣੀਰ ਪੁਲਿਸ ਦੇ ਵਿਸ਼ੇਸ਼ ਮੁਹਿੰਮ ਸਮੂਹ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਜਵਾਨਾਂ ਨੇ ਸ਼੍ਰੀਨਗਰ-ਗੁਲਮਰਗ ਮਾਰਗ ‘ਤੇ ਬੜਗਾਮ ਦੇ ਨਰਬਲ ਇਲਾਕੇ ਵਿੱਚ ਬੁੱਧਵਾਰ ਰਾਤ ਭਰ ਮੁਹਿੰਮ ਚਲਾਈ ।
ਇਸ ਦੌਰਾਨ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਹਥਿਆਰ, ਗੋਲਾ-ਬਾਰੂਦ, ਪੋਸਟਰ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ । ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਤੋਂ ਲਸ਼ਕਰ ਦੇ 4 ਅੱਤਵਾਦੀ ਗ੍ਰਿਫਤਾਰ ਕੀਤੇ ਗਏ ਸਨ ।
ਦੱਸ ਦੇਈਏ ਕਿ ਈਦ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ਼ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ ਅੱਤਵਾਦੀ ਸਮੂਹਾਂ ਦੀ ਚੋਟੀ ਦੀ ਅਗਵਾਈ ‘ਤੇ ਨਜ਼ਰ ਰੱਖੀ ਹੈ। ਜੰਮੂ-ਕਸ਼ਮੀਰ ਦੇ ਇਸਲਾਮਿਕ ਰਾਜ ਦੇ ਕਮਾਂਡਰ ਆਦਿਲ ਅਹਿਮਦ ਵਾਨੀ ਅਤੇ ਲਸ਼ਕਰ-ਏ-ਤੋਇਬਾ ਦੇ ਸ਼ਾਹੀਨ ਅਹਿਮਦ 25 ਮਈ ਨੂੰ ਕੁਲਗਾਮ ਵਿੱਚ ਮਾਰੇ ਗਏ ਸਨ। 30 ਮਈ ਨੂੰ ਕੁਲਗਾਮ ਦੇ ਵੈਨਪੋਰਾ ਖੇਤਰ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਪਰਵੇਜ਼ ਅਹਿਮਦ ਅਤੇ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਕਮਾਂਡਰ ਸ਼ਕੀਰ ਅਹਿਮਦ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਸੀ।