Budget 2021 LIVE Updates: ਕੇਂਦਰ ਸਰਕਾਰ ਅੱਜ ਯਾਨੀ ਕਿ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨ ਜਾ ਰਹੀ ਹੈ । ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਸਵੇਰੇ 11 ਵਜੇ ਬਜਟ ਪੇਸ਼ ਕਰਨਗੇ । ਅੱਜ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕਣਗੀਆਂ ਕਿ ਕੋਰੋਨਾ ਮਹਾਂਮਾਰੀ ਕਾਰਨ ਰੁਕੀ ਹੋਈ ਆਰਥਿਕਤਾ ਨੂੰ ਪਟਰੀ ‘ਤੇ ਲਿਆਉਣ ਲਈ ਸਰਕਾਰ ਕੀ ਕਦਮ ਚੁੱਕਦੀ ਹੈ । ਲੋਕਾਂ ਨੂੰ ਰੁਜ਼ਗਾਰ, ਟੈਕਸ ਰਿਆਇਤ, ਮਹਿੰਗਾਈ ਆਦਿ ਮੁੱਦਿਆਂ ‘ਤੇ ਸਰਕਾਰ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਇਨ੍ਹਾਂ ਮੁੱਦਿਆਂ ‘ਤੇ ਰਹੇਗੀ ਨਜ਼ਰ
ਕੋਰੋਨਾ ਕਾਲ ਵਿੱਚ ਬੇਰੁਜ਼ਗਾਰੀ, ਵਾਇਰਸ, ਵੈਕਸੀਨ, ਚੀਨ, ਕਿਸਾਨੀ ਅੰਦੋਲਨ, ਮਹਿੰਗਾਈ, ਖੇਤੀਬਾੜੀ ਕਾਨੂੰਨ ‘ਤੇ ਵਿਵਾਦ ਇਹ ਸਭ ਕੁਝ ਦੇਖਣ ਨੂੰ ਮਿਲਿਆ ਹੈ। ਅਜਿਹੀ ਸਥਿਤੀ ਵਿੱਚ ਹਰੇਕ ਨੂੰ ਬਜਟ ਤੋਂ ਬਹੁਤ ਚੰਗੀਆਂ ਉਮੀਦਾਂ ਹੁੰਦੀਆਂ ਹਨ। ਘਰਾਂ ਦੀਆਂ ਮਹਿਲਾਵਾਂ ਤੋਂ ਲੈ ਕੇ ਕਿਸਾਨਾਂ ਤੱਕ ਬਹੁਤ ਸਾਰੇ ਲੋਕ ਬਜਟ ਦਾ ਇੰਤਜ਼ਾਰ ਕਰ ਰਹੇ ਹਨ। ਐਲ.ਪੀ.ਜੀ. ਗੈਸ ਦੀਆਂ ਕੀਮਤਾਂ ਘੱਟ ਹੋਣ, ਮਹਿੰਗਾਈ ਘੱਟ ਹੋਣ, ਟੈਕਸ ਸਲੈਬ ਵਧਣ ਅਤੇ ਨੌਕਰੀਆਂ ਦੇ ਨਵੇਂ ਮੌਕੇ ਜਿਹੀਆਂ ਚੀਜ਼ਾਂ ਦੀ ਇਸ ਬਜਟ ਤੋਂ ਉਮੀਦਾਂ ਹਨ. ਹਾਲਾਂਕਿ, ਸਰਕਾਰ ਇਨ੍ਹਾਂ ਸਾਰਿਆਂ ‘ਤੇ ਕਿੰਨਾ ਖਰੀ ਉਤਰਦੀ ਹੈ, ਇਹ ਸਭ ਵਿੱਤ ਮੰਤਰੀ ਦੇ ਬਜਟ ਭਾਸ਼ਣ ਤੋਂ ਬਾਅਦ ਹੀ ਪਤਾ ਚੱਲੇਗਾ।
ਮਿਡਲ ਕਲਾਸ ਨੂੰ ਬਜਟ ਤੋਂ ਉਮੀਦਾਂ
ਕੋਰੋਨਾ ਕਾਰਨ ਨੌਕਰੀਆਂ ਜਾਂ ਤਨਖਾਹਾਂ ਵਿੱਚ ਕਮੀ ਦੇ ਕਾਰਨ ਮੱਧ ਵਰਗ ਬਹੁਤ ਪ੍ਰੇਸ਼ਾਨ ਹੋਇਆ ਹੈ। ਪਿਛਲੇ ਸਾਲ ਸਰਕਾਰ ਵੱਲੋਂ ਦਿੱਤੇ 30 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਵਿਚੋਂ ਮੱਧ ਵਰਗ ਨੂੰ ਕੁਝ ਖਾਸ ਨਹੀਂ ਮਿਲਿਆ ਸੀ । ਇਸ ਲਈ ਹੁਣ ਮੱਧ ਵਰਗ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਹਨ।
ਟੈਕਸ ਛੂਟ ਸੀਮਾ ‘ਤੇ ਨਜ਼ਰ
ਇਸ ਦੇ ਨਾਲ ਹੀ ਕਈ ਸਾਲਾਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਮੁੱਢਲੀ ਟੈਕਸ ਛੂਟ ਦੀ ਸੀਮਾ 2.5 ਲੱਖ ਤੋਂ ਵਧਾ ਕੇ 5 ਲੱਖ ਕੀਤੀ ਜਾਵੇ । 2019-20 ਦੇ ਬਜਟ ਵਿੱਚ, ਮੋਦੀ ਸਰਕਾਰ ਨੇ 2.5 ਤੋਂ 5 ਲੱਖ ਰੁਪਏ ਦੇ ਵਿੱਚ ਆਮਦਨੀ ਵਾਲੇ ਲੋਕਾਂ ਲਈ 12,500 ਦੀ ਵਿਸ਼ੇਸ਼ ਛੂਟ ਦੇ ਕੇ 5 ਲੱਖ ਰੁਪਏ ਤੱਕ ਦੀ ਆਮਦਨੀ ਵਿੱਚ ਛੂਟ ਦੀ ਕੋਸ਼ਿਸ਼ ਕੀਤੀ, ਪਰ ਪੱਕੇ ਤੌਰ ‘ਤੇ ਆਮਦਨੀ 5 ਲੱਖ ਰੁਪਏ ਤੱਕ ਦੀ ਟੈਕਸ ਵਿੱਚ ਛੂਟ ਦੀ ਮੰਗ ਕੀਤੀ ਜਾ ਰਹੀ ਹੈ।
ਵਪਾਰੀਆਂ ਨੂੰ ਰਾਹਤ ਮਿਲਣ ਦੀ ਉਮੀਦ
ਇਸ ਵਿਚਾਲੇ ਵਪਾਰੀਆਂ ਦੀ ਇੱਕ ਵੱਡੀ ਸੰਸਥਾ ਕੈਟ ਨੇ ਕਿਹਾ ਹੈ ਕਿ ਵਪਾਰੀ ਇਸ ਸਮੇਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਬਜਟ ਵਿੱਚ ਵਪਾਰੀ ਘੱਟ ਵਿਆਜ਼ ਅਤੇ ਅਸਾਨ ਸ਼ਰਤਾਂ ‘ਤੇ ਕਾਰੋਬਾਰ ਲਈ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਪੈਸਾ ਪ੍ਰਾਪਤ ਕਰਨਗੇ। ਨਾਲ ਹੀ, ਪ੍ਰਚੂਨ ਵਪਾਰ ਲਈ ਇੱਕ ਰਾਸ਼ਟਰੀ ਵਪਾਰ ਨੀਤੀ, ਇੱਕ ਈ-ਕਾਮਰਸ ਨੀਤੀ ਅਤੇ ਇੱਕ ਈ-ਕਾਮਰਸ ਰੈਗੂਲੇਟਰੀ ਅਥਾਰਟੀ ਅਤੇ ਇੱਕ ਸਵੈਇੱਛਕ ਖੁਲਾਸਾ ਸਕੀਮ (ਵੀਡੀਐਸ) ਦੀ ਮੰਗ ਬਜਟ ਵਿੱਚ ਕਰਨ ਦੀ ਜ਼ਰੂਰਤ ਹੈ।
ਹੋਮ ਲੋਨ ਸਸਤਾ ਹੋਵੇਗਾ ਜਾਂ ਮਹਿੰਗਾ?
ਹੋਮ ਲੋਨ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ‘ਤੇ ਮਿਲਣ ਵਾਲੇ ਟੈਕਸ ਛੂਟ ਦੇ ਦਾਇਰੇ ਨੂੰ ਵਧਾਇਆ ਜਾ ਸਕਦਾ ਹੈ। ਇਨਕਮ ਟੈਕਸ ਦੀ ਧਾਰਾ 80ਸੀ ਦੇ ਤਹਿਤ 1.5 ਲੱਖ ਰੁਪਏ ਤੱਕ ਦੀ ਸੀਮਾ ਵਿੱਚ ਹੋਮ ਲੋਨ ਦਾ ਮੂਲਧਨ ਆਉਂਦਾ ਹੈ। ਇਸ ਸੀਮਾ ਨੂੰ ਵਧਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਧਾਰਾ 24ਬੀ ਦੇ ਤਹਿਤ ਟੈਕਸ ਛੂਟ ਦਾ ਲਾਭ ਵਧਣ ਦੀ ਉਮੀਦ ਹੈ।
ਹੈਲਥ ਸੈਕਟਰ ‘ਤੇ ਹੋ ਸਕਦੈ ਫੋਕਸ
ਮਾਹਿਰਾਂ ਦਾ ਕਹਿਣਾ ਹੈ ਕਿ ਵੈਕਸੀਨ ਤੇ ਹੈਲਥ ਬਾਰੇ ਜੋ ਸੁਧਾਰ ਦੇ ਉਪਾਅ ਕੀਤੇ ਜਾਣਗੇ, ਉਸਦਾ ਮੱਧ ਵਰਗ ਨੂੰ ਲਾਭ ਮਿਲੇਗਾ। ਕਈ ਨਵੇਂ ਹਸਪਤਾਲਾਂ ਦੀ ਸਥਾਪਨਾ ਦਾ ਐਲਾਨ ਕੀਤਾ ਜਾਵੇਗਾ । ਮਾਹਿਰਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਰੁਜ਼ਗਾਰ ਪੈਦਾ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ ਅਤੇ ਮੱਧ ਵਰਗ ਦੇ ਨੌਜਵਾਨਾਂ ਨੂੰ ਇਸ ਦਾ ਲਾਭ ਵੀ ਮਿਲੇਗਾ।
ਇਹ ਵੀਦੇਖੋ : ਟਿਕੈਤ ਦੀ ਸਾਦਗੀ ਦੇ ਕਾਇਲ ਹੋਏ ਕੰਵਰ ਗਰੇਵਾਲ, ਦੇਖੋ ਕਿਉਂ ਕੀਤਾ ਟਿਕੈਤ ਨੂੰ ਪ੍ਰਣਾਮ…