Budget Session 2021 LIVE: ਸੰਸਦ ਦਾ ਬਜਟ ਸੈਸ਼ਨ ਅੱਜ ਸ਼ੁਰੂ ਹੋ ਰਿਹਾ ਹੈ । ਬਜਟ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਬੋਧਨ ਨਾਲ ਹੋਵੇਗੀ । ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਕੰਪਲੈਕਸ ਵਿੱਚ ਮੀਡੀਆ ਨੂੰ ਸੰਬੋਧਿਤ ਕੀਤਾ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਦਹਾਕੇ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਦਹਾਕਾ ਭਾਰਤ ਦੇ ਉੱਜਵਲ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਲਈ ਸ਼ੁਰੂ ਤੋਂ ਹੀ ਆਜ਼ਾਦੀ ਦੇ ਦੀਵਾਨਿਆਂ ਨੇ ਜੋ ਸੁਪਨੇ ਦੇਖੇ ਸੀ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਰਾਸ਼ਟਰ ਦੇ ਸਾਹਮਣੇ ਇੱਕ ਸੁਨਹਿਰੀ ਮੌਕਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਇਹ ਸ਼ਾਇਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ 2020 ਵਿੱਚ ਇੱਕ ਨਹੀਂ, ਵਿੱਤ ਮੰਤਰੀ ਨੂੰ ਵੱਖ-ਵੱਖ ਪੈਕੇਜ ਦੇ ਰੂਪ ਵਿੱਚ ਇੱਕ ਤਰ੍ਹਾਂ ਨਾਲ ਚਾਰ ਤੋਂ ਪੰਜ ਮਿੰਨੀ ਬਜਟ ਦੇਣੇ ਪਏ । ਯਾਨੀ, 2020 ਵਿੱਚ ਇੱਕ ਤਰ੍ਹਾਂ ਨਾਲ ਮਿਨੀ ਬਜਟ ਦਾ ਸਿਲਸਿਲਾ ਚੱਲਦਾ ਰਿਹਾ। ਇਸ ਲਈ ਇਹ ਬਜਟ ਵੀ ਉਨ੍ਹਾਂ ਚਾਰ ਬਜਟਾਂ ਦੀ ਲੜੀ ਵਿੱਚ ਵੇਖਿਆ ਜਾਵੇਗਾ, ਮੈਨੂੰ ਪੂਰਾ ਯਕੀਨ ਹੈ।
ਇਸ ਦੇ ਨਾਲ ਹੀ ਕਾਂਗਰਸ ਸਮੇਤ 19 ਵਿਰੋਧੀ ਪਾਰਟੀਆਂ ਨੇ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਪ੍ਰਤੀ ਇਕਜੁੱਟਤਾ ਜ਼ਾਹਿਰ ਕਰਦਿਆਂ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ । ਦੱਸ ਦੇਈਏ ਕਿ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਹੋਵੇਗੀ ।
ਦੱਸ ਦੇਈਏ ਕਿ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਵਿੱਤੀ ਸਾਲ 2020-21 ਲਈ ਆਰਥਿਕ ਸਰਵੇਖਣ ਅੱਜ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਆਰਥਿਕ ਸਰਵੇਖਣ ਮੌਜੂਦਾ ਵਿੱਤੀ ਸਾਲ ਦਾ ਲੇਖਾ-ਜੋਖਾ ਹੁੰਦਾ ਹੈ। ਬਜਟ ਸੈਸ਼ਨ ਦੋ ਹਿੱਸਿਆਂ ਵਿੱਚ ਹੋਵੇਗਾ, ਜਿਸ ਵਿੱਚ ਪਹਿਲਾ ਸੈਸ਼ਨ 15 ਫਰਵਰੀ ਤੱਕ ਚੱਲੇਗਾ, ਜਦੋਂਕਿ ਦੂਜੇ ਦੌਰ ਵਿੱਚ ਇਹ ਸੈਸ਼ਨ 8 ਮਾਰਚ ਤੋਂ 8 ਅਪ੍ਰੈਲ ਤੱਕ ਚੱਲੇਗਾ।