Buffalo milk firing : ਆਜ਼ਮਗੜ੍ਹ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮੱਝ ਦੇ ਦੁੱਧ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਹੰਗਾਮਾ ਵੀ ਅਜਿਹਾ ਕੇ ਮਾਮਲਾ ਫਾਇਰਿੰਗ ਤੱਕ ਪਹੁੰਚ ਗਿਆ ‘ਤੇ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮਾਂ ਨੂੰ ਮੌਕੇ ‘ਤੇ ਤੈਨਾਤ ਕਰਨਾ ਪਿਆ। ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਵਿੱਚ ਮੱਝ ਦੇ ਦੁੱਧ ਕਾਰਨ ਇਨ੍ਹਾਂ ਵੱਡਾ ਹੰਗਾਮਾ ਹੋਏਗਾ, ਕਿਸੇ ਨੇ ਇਸਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਦਰਅਸਲ ਮੱਝ ਨੂੰ ਖਰੀਦਣ ਤੋਂ ਬਾਅਦ, ਜਦੋਂ ਉਸ ਦਾ ਦੁੱਧ ਘੱਟ ਨਿਕਲਿਆ, ਤਾਂ ਖਰੀਦਦਾਰ ਗੁੱਸੇ ਵਿੱਚ ਆ ਗਿਆ। ਜਿਸ ਤੋਂ ਬਾਅਦ ਮੱਝ ਵਾਪਿਸ ਕਰਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਹ ਵਿਵਾਦ ਏਨਾ ਵੱਧ ਗਿਆ ਕਿ ਐਤਵਾਰ ਨੂੰ ਫਾਇਰਿੰਗ ਹੋ ਗਈ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕੇ ਇਸ ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
ਇਹ ਸਾਰਾ ਮਾਮਲਾ ਆਜ਼ਮਗੜ੍ਹ ਦੇ ਜੀਨਪੁਰ ਕੋਤਵਾਲੀ ਦੇ ਪਿੰਡ ਧੌਰਾਹਰਾ ਦਾ ਹੈ। ਦੱਸਿਆ ਗਿਆ ਹੈ ਕਿ ਇੱਥੇ ਦੇ ਹੀ ਰਹਿਣ ਵਾਲੇ ਸੋਨੂੰ ਨੇ ਇੱਕ ਤੋਂ ਬਾਅਦ ਇੱਕ ਚਾਰ ਫਾਇਰ ਕੀਤੇ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਮਹਜਬੀਨ ਨੇ ਪੁਲਿਸ ਨੂੰ ਦੱਸਿਆ ਕਿ ਸੋਨੂੰ ਤੋਂ ਇੱਕ ਮਹੀਨਾ ਪਹਿਲਾਂ ਇੱਕ ਮੱਝ ਖਰੀਦੀ ਸੀ। ਖਰੀਦ ਸਮੇਂ ਇਹ ਦੱਸਿਆ ਗਿਆ ਸੀ ਕਿ ਮੱਝ ਸੱਤ ਮਹੀਨਿਆਂ ਤੱਕ ਦੁੱਧ ਦੇਵੇਗੀ, ਪਰ 15 ਦਿਨਾਂ ਬਾਅਦ ਮੱਝ ਨੇ 75 ਫੀਸਦੀ ਦੁੱਧ ਦੇਣਾ ਬੰਦ ਕਰ ਦਿੱਤਾ। ਇਹ ਮੱਝ 42 ਹਜ਼ਾਰ ਰੁਪਏ ਵਿੱਚ ਖਰੀਦੀ ਗਈ ਸੀ। ਇਸ ਮੱਝ ਦੀ ਵਾਪਸੀ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਦੇ ਨਾਲ ਹੀ ਐਸਪੀ ਆਜ਼ਮਗੜ੍ਹ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੱਝ ਦੇ ਦੁੱਧ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।