ਤਾਮਿਲਨਾਡੂ ਦੇ ਨੀਲਗਿਰੀ ਵਿੱਚ ਕੱਲ੍ਹ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਲੋਕਾਂ ਦੀਆਂ ਮ੍ਰਿਤਕ ਦੇਹਾਂ ਦਿੱਲੀ ਦੇ ਪਾਲਮ ਏਅਰ ਫੋਰਸ ਬੇਸ ‘ਤੇ ਪਹੁੰਚੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ CDS ਬਿਪਿਨ ਰਾਵਤ ਨੂੰ ਸ਼ਰਧਾਂਜਲੀ ਦਿੱਤੀ। ਉਹ ਪਾਲਮ ਹਵਾਈ ਅੱਡੇ ‘ਤੇ ਪਹੁੰਚ ਗਏ। ਇੱਥੇ ਪਹੁੰਚ ਕੇ ਪੀਐਮ ਮੋਦੀ ਨੇ ਸੀਡੀਐਸ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਐਨਐਸਏ ਅਜੀਤ ਡੋਭਾਲ ਵੀ ਮੌਜੂਦ ਸਨ। ਨਾਲ ਹੀ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਦੌਰਾਨ ਸਾਰਿਆਂ ਦੀਆਂ ਅੱਖਾਂ ਨਮ ਰਹੀਆਂ।
ਰੱਖਿਆ ਸਕੱਤਰ ਨੇ ਵੀ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਹਵਾਈ ਫੌਜ, ਨੇਵੀ ਤੇ ਫੌਜ ਦੇ ਚੀਫ ਆਫ ਸਟਾਫ ਨੇ ਵੀ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੰਸਦ ਨੂੰ ਦੱਸਿਆ ਕਿ ਕਿ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ ਦਾ ‘ਬਲੈਕ ਬਾਕਸ’ ਮਤਲਬ ਫਲਾਈਟ ਡੇਟਾ ਰਿਕਾਰਡ ਵੀ ਬਰਾਮਦ ਕਰ ਲਿਆ ਗਿਆ ਹੈ। ਹਵਾਈ ਫੌਜ ਵੱਲੋਂ ਆਦੇਸ਼ਿਤ ਉੱਚ ਪੱਧਰੀ, ਤ੍ਰਿ-ਸੇਵਾ ਜਾਂਚ ਦੇ ਹਿੱਸੇ ਵਜੋਂ ਡੇਟਾ ਦੀ ਜਾਂਚ ਕੀਤੀ ਜਾਵੇਗੀ। ਜਾਂਚ ਦੀ ਅਗਵਾਈ ਏਅਰ ਮਾਰਸ਼ਲ ਮਾਨਵਿੰਦਰ ਸਿੰਘ ਕਰਨਗੇ।
ਦੱਸ ਦੇਈਏ ਕਿ ਇਸ ਹਾਦਸੇ ਵਿੱਚ ਹੁਣ ਤੱਕ 13 ਵਿੱਚੋਂ ਤਿੰਨ ਲਾਸ਼ਾਂ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਤੇ ਬ੍ਰਿਗੇਡੀਅਰ ਐੱਲ.ਐੱਸ. ਲਿਡਰ ਦੀ ਹੀ ਪਛਾਣ ਹੋ ਸਕੀ ਹੈ। ਇਸ ਹਾਦਸੇ ਵਿੱਚ ਗਰੁੱਪ ਕੈਪਟਨ ਸਿੰਘ ਇੱਕੋ-ਇੱਕ ਸ਼ਖਸ ਹਨ, ਜਿਨ੍ਹਾਂ ਨੂੰ ਬਚਾਇਆ ਜਾ ਸਕਿਆ ਹੈ, ਉਨ੍ਹਾਂ ਦਾ ਮਿਲਟਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।