Chhattisgarh father hides mobile phone : ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮੋਬਾਈਲ ਫੋਨ ਲੁਕਾਉਣ ਦੇ ਕਾਰਨ ਲੜਕੀ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਹੈ। ਦਰਅਸਲ ਪਿਤਾ ਦੇ ਵਲੋਂ ਲੜਕੀ ਦਾ ਮੋਬਾਈਲ ਫੋਨ ਲੁਕੋਇਆ ਗਿਆ ਸੀ, ਜਿਸ ਤੋਂ ਨਰਾਜ਼ ਹੋ ਲੜਕੀ ਨੇ ਆਪਣੇ ਪਿਤਾ ਨੂੰ ਡੰਡੇ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਅਤੇ ਮਾਂ ਦੇ ਨਾਲ ਮਿਲ ਕੇ ਲਾਸ਼ ਨੂੰ ਦੱਬ ਦਿੱਤਾ ਸੀ। ਪੁਲਿਸ ਨੇ ਮਾਂ ਅਤੇ ਧੀ ਨੂੰ ਗ੍ਰਿਫਤਾਰ ਕਰ ਲਿਆ ਹੈ। ਬਿਲਾਸਪੁਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਜਿਲ੍ਹੇ ਦੇ ਕੋਟਾ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਕੰਚਨਪੁਰ ਵਿੱਚ ਮੰਗਲੂਰਾਮ ਧਨਵਰ ਜਿਸ ਦੀ ਉਮਰ 58 ਸਾਲ ਹੈ ਦੀ ਹੱਤਿਆ ਦੇ ਆਰੋਪ ‘ਚ ਮੰਗਲਾਰੂਮ ਦੀ ਧੀ ਦਿਵਿਆ ਅਤੇ ਉਸਦੀ ਪਤਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੋਵਾਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਦਿਵਿਆ ਨੇ ਆਪਣੇ ਪਿਤਾ ਦੀ ਮਰਜ਼ੀ ਦੇ ਵਿਰੁੱਧ ਵਿਆਹ ਕੀਤਾ ਸੀ, ਜਿਸ ਕਾਰਨ ਉਸਦੇ ਪਿਤਾ ਨੂੰ ਗੁੱਸਾ ਸੀ । ਪੁਲਿਸ ਨੇ ਦੱਸਿਆ ਕਿ ਇਸ ਮਹੀਨੇ ਦੀ 23 ਤਰੀਕ ਨੂੰ ਦਿਵਿਆ ਆਪਣੇ ਪੇਕੇ ਘਰ ਆਈ ਸੀ। ਦੂਜੇ ਦਿਨ, 24 ਜਨਵਰੀ ਨੂੰ, ਦਿਵਿਆ ਨੂੰ ਆਪਣਾ ਮੋਬਾਈਲ ਫੋਨ ਨਹੀਂ ਦਿਖਿਆ ਤਾ ਉਸ ਨੇ ਇਸ ਬਾਰੇ ਆਪਣੇ ਪਿਤਾ ਤੋਂ ਪੁੱਛਗਿੱਛ ਕੀਤੀ,ਪਰ ਉਸ ਦੇ ਪਿਤਾ ਮੰਗਲੂਰਾਮ ਨੇ ਗੋਲਮੋਲ ਜਵਾਬ ਦਿੱਤਾ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦਿਵਿਆ, ਜੋ ਮੋਬਾਈਲ ਫੋਨ ਨਾ ਮਿਲਣ ‘ਤੇ ਨਾਰਾਜ਼ ਸੀ, ਸਾਰਾ ਦਿਨ ਆਪਣੇ ਪਿਤਾ ਨਾਲ ਲੜਦੀ ਰਹੀ, ਜਦੋਂ ਉਸ ਦੇ ਪਿਤਾ ਨੇ ਉਸ ਨੂੰ ਦੱਸਿਆ ਕਿ ਉਹ ਉਸਦੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਕਾਰਨ ਉਸ ਨਾਲ ਨਾਰਾਜ਼ ਹੈ ਅਤੇ ਉਸਨੇ ਮੋਬਾਈਲ ਲੁਕਾ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਗੁੱਸੇ ਵਿੱਚ ਆਈ ਦਿਵਿਆ ਨੇ ਪਿਤਾ ਨੂੰ ਲਾਠੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਜਦੋਂ ਗੁਆਂਢੀ ਉਥੇ ਪਹੁੰਚੇ ਤਾਂ ਦਿਵਿਆ ਨੇ ਗੁਆਂਢੀਆਂ ਨਾਲ ਵੀ ਮਾਰ ਕੁੱਟ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਗੁਆਂਢੀ ਉੱਥੋਂ ਚਲੇ ਗਏ ਤਾਂ ਵੀ ਦਿਵਿਆ ਆਪਣੇ ਪਿਤਾ ਦੀ ਕੁੱਟਮਾਰ ਕਰਦੀ ਰਹੀ ਅਤੇ ਬਾਅਦ ਵਿੱਚ ਮੰਗਲੂਰਾਮ ਦੇ ਸਿਰ ਉੱਤੇ ਕਈ ਵਾਰ ਪੱਥਰ ਮਾਰੇ। ਇਸ ਕਾਰਨ ਮੰਗਲਾਰਾਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਧੀ ਦਿਵਿਆ ਅਤੇ ਉਸਦੀ ਮਾਂ ਨੇ ਮੰਗਲਾਰੂਮ ਦੀ ਲਾਸ਼ ਨੂੰ ਵਿਹੜੇ ਦੇ ਨਜ਼ਦੀਕ ਇੱਕ ਟੋਏ ਵਿੱਚ ਦਫਨਾ ਦਿੱਤਾ ਅਤੇ ਉਥੋਂ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 25 ਜਨਵਰੀ ਨੂੰ ਘਟਨਾ ਤੋਂ ਇੱਕ ਦਿਨ ਬਾਅਦ ਇੱਕ ਪਿੰਡ ਵਾਸੀ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਜਦੋ ਪੁਲਿਸ ਟੀਮ ਮੌਕੇ ਤੇ ਪਹੁੰਚੀ ਤਾਂ ਪੁਲਿਸ ਨੇ ਲਾਸ਼ ਬਰਾਮਦ ਕੀਤੀ ਅਤੇ ਔਰਤਾਂ ਦੀ ਭਾਲ ਸ਼ੁਰੂ ਕਰ ਦਿਤੀ। ਪੁਲਿਸ ਨੇ ਮੰਗਲਵਾਰ ਨੂੰ ਦੋਸ਼ੀ ਮਾਂ ਧੀ ਨੂੰ ਗ੍ਰਿਫਤਾਰ ਕਰ ਲਿਆ ।